ਕੈਨੇਡਾ ਸਰਕਾਰ ਵੱਲੋਂ ਬਜ਼ੁਰਗਾਂ ਨੂੰ 500 ਡਾਲਰ ਦੀ ਰਾਹਤ

0
1074

ਸਰੀ: ਕੋਵਿਡ-੧੯ ਮਹਾਂਮਾਰੀ ਕਾਰਨ ਆਰਥਿਕ ਚੁਣੌਤੀਆਂ ਨਾਲ ਦੋ ਚਾਰ ਹੋ ਰਹੇ ਬਜ਼ੁਰਗਾਂ ਨੂੰ ਕੈਨੇਡਾ ਸਰਕਾਰ ਵੱਲੋਂ ੫੦੦ ਡਾਲਰ ਤੱਕ ਦੀ ਇਕੋ ਸਮੇਂ ਦੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਇਕੋ ਸਮੇਂ ਦੀ ਅਦਾਇਗੀ ਲਈ ਫੈਡਰਲ ਸਰਕਾਰ ੨.੫ ਬਿਲੀਅਨ ਡਾਲਰ ਖਰਚ ਕਰੇਗੀ। ਫੈਡਰਲ ਕਾਨੂੰਨ ਮੰਤਰੀ ਡੈਬ ਸ਼ੂਲਟ ਦੇ ਅਨੁਸਾਰ ਇਸ ਰਾਹਤ ਤਹਿਤ ਫੈਡਰਲ ਓਲਡ ਏਜ ਸਿਕਿਓਰਿਟੀ (ਓਏਐਸ) ਦਾ ਲਾਭ ਪ੍ਰਾਪਤ ਕਰਨ ਵਾਲੇ ਕੈਨੇਡੀਅਨ ਬਜ਼ੁਰਗਾਂ ਨੂੰ ੩੦੦ ਡਾਲਰ ਵੱਧ ਪ੍ਰਾਪਤ ਹੋਣਗੇ, ਜਦੋਂ ਕਿ ੬੫ ਸਾਲ ਤੋਂ ਵੱਧ ਉਮਰ ਦੇ ਗਰੰਟੀਡ ਇਨਕਮ ਸਪਲੀਮੈਂਟ (ਜੀਆਈਐਸ) ਪ੍ਰਾਪਤ ਕਰਨ ਵਾਲਿਆਂ ਨੂੰ ੨੦੦ ਡਾਲਰ ਦਿੱਤੇ ਜਾਣਗੇ। ਸਰਕਾਰ ਦਾ ਅੰਦਾਜ਼ਾ ਹੈ ਕਿ ੬.੭ ਮਿਲੀਅਨ ਬਜ਼ੁਰਗ ਇਸ ਬੈਨੀਫਿਟ ਲਈ ਯੋਗ ਹੋਣਗੇ ਅਤੇ ੨.੨ ਮਿਲੀਅਨ ੫੦੦ ਡਾਲਰ ਪ੍ਰਾਪਤ ਕਰਨਗੇ। ਇਹ ਰਾਹਤ ਰਾਸ਼ੀ ਆਟੋਮੈਟਿਕ ਪ੍ਰਕਿਰਿਆ ਰਾਹੀਂ ਬਜ਼ੁਰਗਾਂ ਦੇ ਪੈਨਸ਼ਨ ਖਾਤਿਆਂ ਵਿਚ ਚਲੀ ਜਾਵੇਗੀ ਅਤੇ ਬਜ਼ੁਰਗਾਂ ਨੂੰ ਕੋਈ ਅਰਜ਼ੀ ਆਦਿ ਦੇਣ ਦੀ ਲੋੜ ਨਹੀਂ ਹੋਵੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਦੇ ਬਜ਼ੁਰਗਾਂ ਨੇ ਇਸ ਦੇਸ਼ ਦੇ ਨਿਰਮਾਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਉਹ ਇਸ ਸਮੇਂ ਕੋਵਿਡ -੧੯ ਮਹਾਂਮਾਰੀ ਦੇ ਸਭ ਤੋਂ ਵੱਧ ਖ਼ਤਰੇ ਵਿਚ ਹਨ। ਉਨ੍ਹਾਂ ਦੀ ਮਦਦ ਕਰਨਾ ਅਤੇ ਸੁਰੱਖਿਅਤ ਰੱਖਣਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ।