ਕਰਤਾਰਪੁਰ ਲਾਂਘਾ: ਖੁੱਲ੍ਹੇ ਦਰਾਂ ਦੀ ਸਲਾਮਤੀ ਲਈ ਜਾਰੀ ਰੱਖਣੇ ਪੈਣਗੇ ਤਰੱਦਦ

0
917

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਸੁਖਾਵੇਂ ਨਾ ਹੋਣ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਦਾ ਖੁੱਲ੍ਹਣਾ ਇਤਿਹਾਸ ਦੇ ਸੁਨਹਿਰੀ ਪੰਨੇ ਵਿਚ ਦਰਜ ਹੋ ਚੁੱਕਾ ਹੈ ਪਰ ਇਸ ਨੂੰ ਚਾਲੂ ਰੱਖਣ ਲਈ ਮੁਸ਼ੱਕਤ ਜਾਰੀ ਰੱਖਣੀ ਪਵੇਗੀ। ਗੁਰੂ ਨਾਨਕ ਦੇਵ ਦੇ ਨਾਂ ਰਾਹੀਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਖੜੀ ਨਫ਼ਰਤ ਦੀ ਦੀਵਾਰ ਵਿਚ ਭਾਵੇਂ ਸੰਨ੍ਹ ਲੱਗੀ ਹੈ ਪਰ ਬਰਲਿਨ ਦੀ ਦੀਵਾਰ ਵਾਂਗ ਅਜੇ ਦੀਵਾਰ ਡਿੱਗਣ ਲਈ ਲਗਾਤਾਰ ਕੋਸ਼ਿਸ਼ਾਂ ਦੀ ਲੋੜ ਪਵੇਗੀ। ਸਿਆਸੀ ਆਗੂਆਂ ਵੱਲੋਂ ਲਾਂਘੇ ਨੂੰ ਖੋਲ੍ਹਣ ਸਮੇਂ ਕੀਤੀਆਂ ਤਕਰੀਰਾਂ ਇਹ ਸੰਦੇਸ਼ ਦਿੰਦੀਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਸ਼ਣ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਰਾਹੀਂ ਵੱਖੋ ਵੱਖ ਸੰਦੇਸ਼ ਦਿੰਦੇ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਖ਼ਿਲਾਫ਼ ਕੋਈ ਸ਼ਬਦ ਨਹੀਂ ਬੋਲਿਆ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਪੂਰੀ ਤਿਆਰੀ ਨਾਲ ਗੁਰਬਾਣੀ ਦੇ ਹਵਾਲੇ ਦੇ ਕੇ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਆਪਣੀ ਸਿਆਸਤ ਦਾ ਟੀਕਾ ਲਾਉਣ ਦੀ ਕੋਸ਼ਿਸ਼ ਨਹੀਂ ਛੱਡੀ। ਉਹ ਸਰਬੱਤ ਦਾ ਭਲਾ, ਦੇਸ਼ ਦਾ ਭਲਾ ਅਤੇ ਇਸ ਦੇ ਨਾਲ ਹੀ ਸਿੱਖ ਭਾਈਚਾਰੇ ਨੂੰ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਅਤੇ 35 ਏ ਹਟਾਉਣ ਕਰਕੇ ਜ਼ਮੀਨਾਂ ਖਰੀਦਣ ਦੀ ਖੁੱਲ੍ਹ ਨੂੰ ਆਪਣੀ ਪ੍ਰਾਪਤੀ ਵਜੋਂ ਪੇਸ਼ ਕਰ ਗਏ। ਇਹ ਜ਼ਿਕਰ ਕਰਨਾ ਯੋਗ ਹੋਵੇਗਾ ਕਿ ਪੰਜਾਬੀਆਂ ਖ਼ਾਸ ਕਰਕੇ ਸਿੱਖਾਂ ਨੇ ਇਸ ਮੁੱਦੇ ਉੱਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਵਿਰੁੱਧ ਆਵਾਜ਼ ਉਠਾਈ ਹੈ। ਲਾਂਘਾ ਖੁੱਲ੍ਹਣ ਵਾਲੇ ਦਿਨ ਹੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਕਹਿ ਰਹੇ ਸਨ ਕਿ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਜ਼ੁਲਮ ਖ਼ਿਲਾਫ਼ ਲੜਨ ਦੀ ਤਾਕੀਦ ਕੀਤੀ ਹੈ। ਭਾਵੇਂ ਕਸ਼ਮੀਰੀ ਪੰਡਤ ਹੋਣ ਜਾਂ ਕਸ਼ਮੀਰੀ ਮੁਸਲਮਾਨਾਂ ਨਾਲ ਧੱਕਾ ਹੋ ਰਿਹਾ ਹੋਵੇ, ਸਿੱਖ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ। ਇਹ ਮਨੁੱਖੀ ਅਧਿਕਾਰਾਂ ਅਤੇ ਕਬਜ਼ੇ ਦੀਆਂ ਦੋ ਵੱਖ-ਵੱਖ ਧਾਰਾਵਾਂ ਨਾਲ ਜੁੜਿਆ ਸਵਾਲ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਨਾਲ ਤਾਂ ਸਿੱਖ ਪੰਥ ਅਤੇ ਪੰਜਾਬੀ ਪੂਰੀ ਤਰ੍ਹਾਂ ਨਿਰਾਸ਼ ਹੋਏ ਹਨ। ਉਨ੍ਹਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰਨ ਦੀ ਬਜਾਇ ਪਾਕਿਸਤਾਨ ਦੀ ਗ਼ਰੀਬੀ, ਅੰਦਰੂਨੀ ਟਕਰਾਅ ਅਤੇ ਉਸ ਖ਼ਿਲਾਫ਼ ਤਾਕਤਵਰ ਹੋਣ ਦੀ ਪੁਰਾਣੀ ਮੁਹਾਰਨੀ ਹੀ ਪੜ੍ਹੀ। ਆਮ ਤੌਰ ਉੱਤੇ ਇਕ ਗੱਲ ਕਹੀ ਜਾਂਦੀ ਰਹੀ ਹੈ ਕਿ ਇਨ੍ਹਾਂ ਸਟੇਜਾਂ ਤੋਂ ਕੋਈ ਸਿਆਸਤ ਨਹੀਂ ਕੀਤੀ ਜਾਵੇਗੀ। ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਕਦੇ ਸਿਆਸਤ ਕਰਨੋਂ ਨਹੀਂ ਰੋਕਿਆ ਪਰ ਸਿਆਸਤ ਕਿਸ ਲਈ ਕਰਨੀ ਹੈ, ਇਹ ਵੱਡਾ ਸਵਾਲ ਹੈ? ਆਰਥਿਕ, ਰਾਜਨੀਤਿਕ, ਮਜ਼੍ਹਬੀ, ਜਾਤੀ, ਲਿੰਗਕ ਅਤੇ ਹਰ ਤਰ੍ਹਾਂ ਦਾ ਵਿਤਕਰਾ ਦੂਰ ਕਰਨ ਦਾ ਮਾਨਵੀ ਸੰਦੇਸ਼ ਮੌਜੂਦਾ ਢਾਂਚੇ ਨੂੰ ਚਲਾ ਰਹੇ ਹੁਕਮਰਾਨਾਂ ਲਈ ਮਾਪਦੰਡ ਹੈ। ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤ ਵਿਚ ਗੁਰੂ ਨਾਨਕ ਸਾਹਿਬ, ਭਾਈ ਲਾਲੋ ਨਾਲ ਖੜ੍ਹ ਕੇ ਸਪੱਸ਼ਟ ਕਰਦੇ ਹਨ ਕਿ ਉਹ ਧੋਖਾਧੜੀ ਜਾਂ ਕਿਸੇ ਦੂਜੇ ਦਾ ਹੱਕ ਮਾਰ ਕੇ ਅਮੀਰ ਹੋਏ ਕਿਸੇ ਤਾਕਤਵਰ ਵਿਅਕਤੀ ਨਾਲ ਨਹੀਂ, ਸਗੋਂ ਅਸੂਲ ਦੀ ਬੁਨਿਆਦ ਉੱਤੇ ਇਮਾਨਦਾਰਾਨਾ ਕਿਰਤ ਕਰ ਕੇ ਜੀਵਨ ਜਿਉਣ ਵਾਲੇ ਨਾਲ ਖੜ੍ਹਨ ਦਾ ਸੁਨੇਹਾ ਦੇ ਰਹੇ ਹਨ। ਪੰਜਾਬੀਆਂ ਅੰਦਰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਬਹੁਤ ਗਹਿਰਾ ਰਚਿਆ ਹੋਇਆ ਹੈ, ਇਸੇ ਕਰਕੇ ਨਾਮਨਿਹਾਦ ਦੇਸ਼ ਭਗਤੀ ਦੇ ਮੁਕਾਬਲੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਭਾਰਤ-ਪਾਕਿ ਦੋਸਤੀ ਦੇ ਪੱਖ ਵਿਚ ਖੜ੍ਹਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਅਜਿਹੇ ਮੌਕੇ ਅਮਰਿੰਦਰ ਸਿੰਘ ਉਨ੍ਹਾਂ ਦੀ ਨਬਜ਼ ਨਹੀਂ ਟੋਹ ਸਕੇ।