ਕਸ਼ਮੀਰ ਦੇ 112 ਵੱਖਵਾਦੀਆਂ ਦੇ 220 ਬੱਚੇ ਵਿਦੇਸ਼ਾਂ ‘ਚ ਪੜ੍ਹਦੇ

0
1342

ਦਿੱਲੀ: ਅਮਿਤ ਸ਼ਾਹ ਦੀ ਅਗਵਾਈ ‘ਚ ਗ੍ਰਹਿ ਮੰਤਰਾਲੇ ਨੇ ਆਮ ਕਸ਼ਮੀਰੀਆਂ ਦੇ ਸਾਹਮਣੇ ਵੱਖਵਾਦੀਆਂ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਨ ਦੀ ਯੋਜਨਾ ਬਣਾਈ ਹੈ। ਘਾਟੀ ‘ਚ ਸਕੂਲੀ ਬੱਚਿਆਂ ਤੋਂ ਪੱਥਰਬਾਜ਼ੀ ਕਰਵਾਉਣ, ਅੱਤਵਾਦੀਆਂ ਦੇ ਮਾਰੇ ਜਾਣ ‘ਤੇ ਸਕੂਲਾਂ ਨੂੰ ਸਾੜਨ ਅਤੇ ਹੜਤਾਲ ਕਰ ਕੇ ਸਕੂਲ ਬੰਦ ਕਰਵਾਉਣ ਵਾਲੇ ਵੱਖਵਾਦੀ ਖ਼ੁਦ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਪੜ੍ਹਾਉਂਦੇ ਹਨ। ਹੁਰੀਅਤ ਨੇਤਾਵਾਂ ਸਮੇਤ ਘਾਟੀ ਦੇ ੧੧੨ ਵੱਖਵਾਦੀਆਂ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਘੱਟ ਤੋਂ ਘੱਟ ੨੨੦ ਬੱਚੇ ਵਿਦੇਸ਼ਾਂ ‘ਚ ਪੜ੍ਹਦੇ ਹਨ ਜਾਂ ਉਥੇ ਰਹਿ ਰਹੇ ਹਨ। ਕਸ਼ਮੀਰੀਆਂ ਨੂੰ ਕੁਰਬਾਨੀ ਦਾ ਸੱਦਾ ਦੇਣ ਵਾਲੇ ਵੱਖਵਾਦੀਆਂ ਦੀ ਇਸ ਸਚਾਈ ਤੋਂ ਘਾਟੀ ਦਾ ਉੱਚ ਵਰਗ ਤਾਂ ਚੰਗੀ ਤਰ੍ਹਾਂ ਨਾਲ ਜਾਣੂ ਹੈ। ਹੁਣ ਅਜਿਹਾ ਲੱਗ ਰਿਹਾ ਹੈ ਕਿ ਗ੍ਰਹਿ ਮੰਤਰਾਲਾ ਯੋਜਨਾ ਤਹਿਤ ਵੱਖਵਾਦੀਆਂ ਦੀ ਸਚਾਈ ਨੂੰ ਬੇਨਕਾਬ ਕਰਨ ਵਾਲੇ ਤੱਥਾਂ ਨੂੰ ਵੱਡੇ ਪੱਧਰ ‘ਤੇ ਜਾਣੂ ਕਰਵਾਉਣ ਦੀ ਤਿਆਰੀ ‘ਚ ਹੈ।