ਅਮਰੀਕੀ ਵਿਗਿਆਨਕਾਂ ਦਾ ਦਾਅਵਾ-2022 ਤੱਕ ਰਹਿ ਸਕਦੀ ਹੈ ਸੋਸ਼ਲ ਡਿਸਟੈਂਸਿੰਗ

0
877

ਵਾਸ਼ਿੰਗਟਨ: ਹਾਰਵਰਡ ਯੂਨੀਵਰਸਿਟੀ (Harvard University) ਵਿਚ ਕੀਤੀ ਗਈ ਇਸ ਖੋਜ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਜਲਦ ਤੋਂ ਜਲਦ ਜ਼ਰੂਰਤ ਹੈ, ਜੇਕਰ ਅਜਿਹਾ ਨਹੀਂ ਹੋ ਪਾਇਆ ਤਾਂ ਸੋਸ਼ਲ ਡਿਸਟੈਂਸਿੰਗ (Social distancing) ਭਾਵ ਸਮਾਜਿਕ ਦੂਰੀ ਦੀ ਪ੍ਰਕਿਰਿਆ ਅਗਲੇ 2 ਸਾਲ ਤੱਕ ਜਾਰੀ ਰੱਖਣੀ ਪੈ ਸਕਦੀ ਹੈ।
ਜੇਕਰ ਅਮਰੀਕਾ ਵਿਚ ਕੋਰੋਨਾ ਦਾ ਐਂਟੀਡਾਟ ਜਲਦੀ ਨਹੀਂ ਮਿਲਿਆ ਤਾਂ ਇਸ ਨਾਲ ਜਨਜੀਵਨ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਸਾਲ 2022 ਤੱਕ ਜਾਰੀ ਰੱਖਣਾ ਪੈ ਸਕਦਾ ਹੈ। ਇਸ ਕਾਰਨ ਭੀੜ ਵਾਲੀਆਂ ਸੰਸਥਾਵਾਂ ਤੇ ਸਕੂਲਾਂ ਆਦਿ ਨੂੰ ਬੰਦ ਰੱਖਣਾ ਪੈ ਸਕਦਾ ਹੈ। ਇਸ ਦੀ ਜਾਣਕਾਰੀ ਹਾਰਵਰਡ ਟੀਐਚ ਚਾਨ ਸਕੂਲ ਦੇ ਖੋਜਕਰਤਾਵਾਂ ਨੇ ਦਿੱਤੀ ਹੈ।
ਉਹਨਾਂ ਦੀ ਖੋਜ ਅਨੁਸਾਰ ਅਮਰੀਕਾ ਵਿਚ ਹਾਲੇ ਵੀ ਕੁਝ ਸਮੇਂ ਤੱਕ ਸੋਸ਼ਲ ਡਿਸਟੈਂਸਿੰਗ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਰਹਿ ਸਕਦਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ ਇਸ ਸਾਲ ਗਰਮੀਆਂ ਤੱਕ ਕੋਰੋਨਾ ਮਹਾਮਾਰੀ ‘ਤੇ ਕਾਬੂ ਪਾ ਲਿਆ ਜਾਵੇਗਾ।
ਪਰ ਹੁਣ ਹਾਰਵਰਡ ਯੂਨੀਵਰਸਿਟੀ ਦੀ ਖੋਜ ਦੇ ਨਤੀਜੇ ਨੇ ਇਸ ਦਾਅਵੇ ਨੂੰ ਗਲਤ ਕਰਾਰ ਦਿੱਤਾ ਹੈ। ਇਹ ਖੋਜ ਰਿਪੋਰਟ ਯੂਨੀਵਰਸਿਟੀ ਦੇ ਰਿਸਰਚ ਜਰਨਲ ਸਾਇੰਸ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿਚ ਖੋਜਕਰਤਾਵਾਂ ਨੇ ਕੋਰੋਨਾ ਦੀ ਅੱਜ ਦੀ ਸਥਿਤੀ ਦਾ ਮੁਲਾਂਕਣ ਕਰ ਕੇ ਇਹ ਅਨੁਮਾਨ ਲਗਾਇਆ ਹੈ।
ਸਟੀਫਨ ਕਿਸਲਰ ਦੀ ਅਗਵਾਈ ਵਿਚ ਹੋਈ ਇਸ ਖੋਜ ਅਨੁਸਾਰ, ਜੇਕਰ ਅਗਲੇ ਕੁਝ ਮਹੀਨਿਆਂ ਵਿਚ ਕੋਰੋਨਾ ਉੱਤੇ ਕੰਟਰੋਲ ਕਰ ਲਿਆ ਜਾਂਦਾ ਹੈ, ਤਾਂ ਵੀ ਸਾਵਧਾਨੀ ਵਰਤਦੇ ਰਹਿਣਾ ਪਵੇਗਾ ਕਿਉਂਕਿ ਕੋਰੋਨਾ ਸੰਕਰਮਣ 2024 ਦੇ ਅੰਤ ਤੱਕ ਟੁਕੜਿਆਂ-ਟੁਕੜਿਆਂ ਵਿਚ ਵਾਪਸੀ ਕਰ ਸਕਦਾ ਹੈ। ਸਥਿਤੀ ਵਿਚ ਥੋੜੀ ਜਿਹੀ ਢਿੱਲ ਵੀ ਕੋਰੋਨਾ ਵਾਇਰਸ ਨੂੰ ਹੋਰ ਤਾਕਤਵਰ ਬਣਾ ਸਕਦੀ ਹੈ, ਜੋ ਕਿ ਮਨੁੱਖੀ ਹੋਂਦ ਲਈ ਵੱਡਾ ਖਤਰਾ ਹੈ।