ਹੁਣ ਤੱਕ ਪੰਜਾਬ ‘ਚ ਕਰੋਨਾ ਵਾਇਰਸ ਦੇ 197 ਮਾਮਲੇ, 14 ਦੀ ਹੋਈ ਮੌਤ

0
997

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਆਏ ਦਿਨ ਨਵੇ-ਨਵੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਅੱਜ ਪੰਜਾਬ ਵਿਚੋਂ 11 ਪੌਜਟਿਵ ਕੇਸ ਸਾਹਮਣੇ ਆਏ ਹਨ। ਇਸੇ ਤਹਿਤ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਤੱਕ ਪੂਰੇ ਪੰਜਾਬ ਵਿਚੋਂ 5524 ਲੋਕਾਂ ਦੇ ਟੈਸਟ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 197 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ ਅਤੇ 4727 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ ਉਥੇ ਹੀ 600 ਲੋਕ ਅਜਿਹੇ ਹਨ ਜਿਨ੍ਹਾਂ ਦੀ ਰਿਪੋਰਟ ਆਉਂਣੀ ਹਾਲੇ ਬਾਕੀ ਹੈ।
ਦੱਸ ਦੱਈਏ ਕਿ ਜਲੰਧਰ ਵਿਚ ਅੱਜ 6 ਮਰੀਜ਼ਾਂ ਦੀ ਰਿਪੋਰਟ ਪੌਜਟਿਵ ਆਈ ਹੈ। ਜਿਸ ਨਾਲ ਕਰੋਨਾ ਦੀ ਗਿਣਤੀ ਵੱਧ ਕੇ 31 ਹੋ ਗਈ ਹੈ। ਇਨ੍ਹਾਂ ਮਰੀਜ਼ਾਂ ਵਿਚੋਂ ਪਾਏ ਗਏ ਦੋ ਮਰੀਜ਼ ਪਿੰਡ ਕੋਟਲੀ ਹੇਰਾਂ ਦੀ ਮ੍ਰਿਤਕ ਕੁਲਜੀਤ ਕੌਰ ਦਾ ਪਤੀ ਹੈ ਅਤੇ ਦੂਸਰੇ ਮਰੀਜ਼ ਕਾਂਗਰਸੀ ਆਗੂ ਦੀਪਕ ਸ਼ਰਮਾਂ ਦੇ ਸੰਪਰਕ ਵਿਚ ਆਇਆ ਸੀ। ਜਿਸ ਤੋਂ ਬਾਅਦ ਇਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚੋਂ ਕਰੋਨਾ ਵਾਇਰਸ ਦੇ ਨਾਲ 197 ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਨ੍ਹਾਂ ਵਿਚ ਮੁਹਾਲੀ ਵਿਚ 56, ਜਲੰਧਰ 31, ਪਠਾਨਕੋਟ 24, ਨਵਾਂ ਸ਼ਹਿਰ 19, ਅੰਮ੍ਰਿਤਸਰ 11, ਲੁਧਿਆਣਾ 11, ਮਾਨਸਾ 11, ਹੁਸ਼ਿਆਰਪੁਰ 7, ਪਟਿਆਲਾ 6, ਮੋਗਾ 4, ਫਰੀਦਕੋਟ 3, ਰੋਪੜ 3, ਸੰਗਰੂਰ 3, ਬਰਨਾਲਾ 2, ਫਤਿਹਗੜ੍ਹ ਸਾਹਿਬ 2, ਕਪੂਰਥਲਾ 2, ਸ੍ਰੀ ਮੁਕਤਸਰ ਸਾਹਿਬ 1, ਗੁਰਦਾਸਪੁਰ 1, ਪੌਜਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਵਿਚ ਕਰੋਨਾ ਵਾਇਰਸ ਦੇ ਨਾਲ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 29 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਣ ਤੋਂ ਬਾਅਦ ਘਰ ਚਲੇ ਗਏ ਹਨ।