ਕਰੋਨਾ ਦੌਰਾਨ ਬੀ.ਸੀ. ਵਿਚ ਏਸ਼ੀਆਈ ਲੋਕਾਂ ਵਿਰੁੱਧ ਨਫਰਤੀ ਅਪਰਾਧਾਂ ਵਿਚ ਭਾਰੀ ਵਾਧਾ ਹੋਇਆ

0
896

ਸਰੀ: ਬ੍ਰਿਟਿਸ਼ ਕੋਲੰਬੀਆ ਸੂਬਾ ਕੋਵਿਡ-੧੯ ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਤਾਂ ਬੇਹੱਦ ਸਫਲ ਰਿਹਾ ਹੈ। ਇਨ੍ਹਾਂ ਦਿਨਾਂ ਦੌਰਾਨ ਵਾਪਰੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੇ ਇਸ ਬਹੁ-ਸੱਭਿਆਚਾਰਾਂ ਵਾਲੇ ਮੁਲਕ ਦੇ ਬਹੁ-ਗਿਣਤੀ ਵਸਨੀਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਵੱਡਾ ਦੁਖਾਂਤ ਇਹ ਵੀ ਹੈ ਕਿ ਨਸਲੀ ਵਿਤਕਰੇ ਦੀ ਭੜਾਸ ਕੱਢਣ ਲਈ ਏਸ਼ੀਆਈ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਖਾਸ ਤੌਰ ‘ਤੇ ਚੀਨੀ ਭਾਈਚਾਰੇ ਨੂੰ ਜ਼ਲੀਲ ਕੀਤਾ ਹੈ।
ਪਿਛਲੇ ਦੋ ਕੁ ਮਹੀਨੇ ਦੇ ਸਮੇਂ ਵਿਚ ਅਜਿਹੀਆਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਇੱਕ ੯੨ ਸਾਲਾ ਏਸ਼ੀਅਨ ਬਜ਼ੁਰਗ ਨੂੰ ਵੀ ਬਖਸ਼ਿਆ ਨਹੀਂ ਗਿਆ ਜਦੋਂ ਨੋਨੈਮੋ ਸਟ੍ਰੀਟ ਅਤੇ ਈਸਟ ਫਰਸਟ ਐਵੀਨਿਊ ਨੇੜੇ ਇੱਕ ਸਟੋਰ ਚੋਂ ਧੱਕੇ ਉਸ ਨੂੰ ਮਾਰ ਕੇ ਬਾਹਰ ਕੱਢਿਆ ਗਿਆ। ਫਿਰ ਡਿੱਗੇ ਪਏ ਦੇ ਠੁੱਡੇ ਮਾਰੇ ਗਏ। ਵੈਨਕੂਵਰ ਵਿਚ ਹੀ ਇੱਕ ਹੋਰ ਘਟਨਾ ਵਿਚ ਟ੍ਰਾਂਸਲਿੰਕ ਬੱਸ ਵਿਚ ਸਵਾਰ ਇਕ ਏਸ਼ੀਅਨ ਔਰਤ ਉੱਤੇ ਹਮਲਾ ਕੀਤਾ ਅਤੇ ਉਸ ਦੇ ਸਿਰ ਵਿਚ ਥੁੱਕਿਆ ਗਿਆ।
ਇਸੇ ਤਰ੍ਹਾਂ ਬੱਸ ਵਿੱਚ ਸਵਾਰ ਦੋ ਏਸ਼ੀਅਨ ਔਰਤਾਂ, ਜਿਨ੍ਹਾਂ ਨੇ ਫੇਸ ਮਾਸਕ ਪਹਿਨੇ ਸਨ, ਉਪਰ ਇਕ ਨਸਲੀ ਜ਼ਹਿਨੀਅਤ ਵਾਲੇ ਬੰਦੇ ਨੇ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਭ ਕੁਝ ਥੋਡੇ ਕਰਕੇ ਹੀ ਹੋਇਆ ਹੈ। ਇਸ ਬੰਦੇ ਨੇ ਬਹਿਸ ਕਰਦਿਆਂ ਇਕ ਔਰਤ ਦੇ ਲੱਤ ਮਾਰੀ ਅਤੇ ਫਿਰ ਉਸ ਦੇ ਸਿਰ ਦੇ ਵਾਲ ਪੁੱਟ ਸੁੱਟੇ।
ਰਿਚਮੰਡ ਦੀ ਇਕ ਘਟਨਾ ਵਿਚ ਕਲਾਰਾ ਕਨ ਅਤੇ ਉਸਦੀ ਮਾਂ, ਗੈਰੀ ਪੁਆਇੰਟ ਨੇੜੇ ਸੈਰ ਕਰਨ ਲਈ ਬਾਹਰ ਨਿਕਲੀਆਂ ਸਨ ਕਿ ਕੋਲੋਂ ਦੀ ਕਾਰ ਵਿਚ ਲੰਘਦੇ ਦੋ ਗੋਰੇ ਵਿਅਕਤੀਆਂ ਦੁਆਰਾ ਬੋਲੇ ਸ਼ਬਦ ਉਨ੍ਹਾਂ ਨੂੰ ਹਾਲੇ ਵੀ ਸੂਲਾਂ ਵਾਂਗ ਚੁਭ ਰਹੇ ਹਨ ” ਤੁਸੀਂ ਇਸ ਤਰਾਂ ਦੇ ਹੋ? …ਜਾਓ ਆਪਣੇ ਦੇਸ਼ ਵਾਪਸ ਚਲੇ ਜਾਓ!
ਵੈਨਕੂਵਰ ਪੁਲਿਸ ਅਨੁਸਾਰ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਪੁਲਿਸ ਨੇ ਏਸ਼ੀਆਈ ਲੋਕਾਂ ਵਿਚ ਨਫ਼ਰਤ ਕਰਨ ਸਬੰਧੀ ੨੦ ਕੇਸ ਦਰਜ ਕੀਤੇ ਹਨ ਜਦੋਂ ਕਿ ੨੦੧੯ ਦੇ ਪੂਰੇ ਸਾਲ ਦੌਰਾਨ ਅਜਿਹੇ ਸਿਰਫ ੧੨ ਨਸਲੀ ਜੁਰਮ ਹੀ ਦਰਜ ਕੀਤੇ ਸਨ।
ਬੀਸੀ ਦੀ ਸਿਟੀਜ਼ਨਜ਼ ਸਰਵਿਸਿਜ਼ ਅਤੇ ਸੱਭਿਆਚਾਰ ਮੰਤਰੀ ਅਨੇ ਕੰਗ ਨੇ ਕਿਹਾ ਹੈ ਕਿ ਕੋਵਿਡ-੧੯ ਦੇ ਸ਼ੁਰੂ ਹੋਣ ਤੋਂ ਬਾਅਦ ਬੀਸੀ ਵਿਚ ਏਸ਼ੀਅਨ ਵਿਰਾਸਤ ਦੇ ਲੋਕਾਂ ਪ੍ਰਤੀ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ ਪਰ ਬੀਸੀ ਵਿਚ ਅਜਿਹੀਆਂ ਨਸਲੀ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਬੀਸੀ ਦੇ ਪ੍ਰੀਮੀਅਰ ਜੋਹਨ ਹੌਰਗਨ ਨੇ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਫ਼ਰਤੀ ਜੁਰਮ ਦੀਆਂ ਤਾਜ਼ਾ ਬਾਰੇ ਆਪਣੀ ਨਾ-ਖੁਸ਼ੀ ਅਤੇ ਫਿਕਰਮੰਦੀ ਜ਼ਾਹਰ ਕਰਦਿਆਂ ਸੂਬੇ ਦੇ ਸਮੂਹ ਲੋਕਾਂ ਨੂੰ ਨਸਲਵਾਦ ਵਿਰੁੱਧ ਇਕੱਠੇ ਹੋਣ ਲਈ ਪ੍ਰੇਰਿਆ ਹੈ। ਉਨ੍ਹਾਂ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਨਫ਼ਰਤ ਲਈ ਕੋਈ ਸਥਾਨ ਨਹੀਂ। ਅਸੀਂ ਇਸ ਸਮੇਂ ਸੰਕਟ ਵਿੱਚੋਂ ਲੰਘ ਰਹੇ ਹਾਂ ਅਤੇ ਉਸ ਦਾ ਟਾਕਰਾ ਕਰਨ ਲਈ ਸਾਨੂੰ ਇਕ ਦੂਜੇ ਉਪਰ ਉਂਗਲੀ ਉਠਾਉਣ ਦੀ ਬਜਾਏ ਆਪਣੇ ਮਤਭੇਦਾਂ ਨੂੰ ਭੁਲਾ ਕੇ ਇਕਮੁੱਠ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਬੀਸੀ ਦੀ ਸਿਟੀਜ਼ਨਜ਼ ਸਰਵਿਸਿਜ਼ ਅਤੇ ਸੱਭਿਆਚਾਰ ਮੰਤਰੀ ਅਨੇ ਕੰਗ ਨੇ ਕਿਹਾ ਹੈ ਕਿ ਕੋਵਿਡ-੧੯ ਦੇ ਸ਼ੁਰੂ ਹੋਣ ਤੋਂ ਬਾਅਦ ਬੀਸੀ ਵਿਚ ਏਸ਼ੀਅਨ ਵਿਰਾਸਤ ਦੇ ਲੋਕਾਂ ਪ੍ਰਤੀ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ ਪਰ ਬੀਸੀ ਵਿਚ ਅਜਿਹੀਆਂ ਨਸਲੀ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।