ਵ੍ਹਾਈਟ ਹਾਊਸ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਟਵਿੱਟਰ ‘ਤੇ ਫਾਲੋ ਨਾ ਕਰਨ ਦਾ ਫ਼ੈਸਲਾ

0
701

ਦੁਬਈ: ਵ੍ਹਾਈਟ ਹਾਊਸ ਨੇ ਮੰਗਲਵਾਰ ਰਾਤ ਚਾਣਚੱਕ ਕੀਤੀ ਪੇਸ਼ਕਦਮੀ ਤਹਿਤ ਮਾਈਕਰੋ-ਬਲੌਗਿੰਗ ਪਲੈਟਫਾਰਮ ਟਵਿੱਟਰ ‘ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੂੰ ਫਾਲੋ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਕਾਬਿਲੇਗੌਰ ਹੈ ਕਿ ਸ੍ਰੀ ਮੋਦੀ ਇਕੋ ਇਕ ਆਲਮੀ ਆਗੂ ਹਨ, ਜਿਨ੍ਹਾਂ ਨੂੰ ਵ੍ਹਾਈਟ ਹਾਊਸ ਟਵਿੱਟਰ ‘ਤੇ ਫਾਲੋ ਕਰਦਾ ਸੀ। ਭਾਰਤੀ ਮੀਡੀਆ ਦੇ ਇਕ ਵਰਗ ਨੇ ਇਹ ਖੁਲਾਸਾ ਕੀਤਾ ਹੈ। ਵ੍ਹਾਈਟ ਹਾਊਸ ਮੌਜੂਦਾ ਸਮੇਂ ੧੩ (ਟਵਿੱਟਰ) ਖਾਤਿਆਂ ਨੂੰ ਫਾਲੋ ਕਰਦਾ ਹੈ ਤੇ ਇਸ ਮਾਈਕਰੋ-ਬਲੌਗਿੰਗ ਸਾਈਟ ‘ਤੇ ਉਹਦੇ ੨.੨੦ ਕਰੋੜ ਫਾਲੋਅਰਜ਼ ਹਨ। ਆਊਟਲੁੱਕਇੰਡੀਆ ਡਾਟ ਕਾਮ ਨੇ ਅੱਜ ਆਪਣੀ ਇਕ ਰਿਪੋਰਟ ਵਿੱਚ ਕਿਹਾ, ‘ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਤੇ ਕੰਮ ਵਾਲੀ ਥਾਂ, ਵ੍ਹਾਈਟ ਹਾਊਸ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਈਕਰੋ ਬਲੌਗਿੰਗ ਸਾਈਟ ‘ਤੇ ਫਾਲੋ ਕਰਨਾ ਛੱਡ ਦਿੱਤਾ ਹੈ।’ ਕਰੰਟ ਅਫ਼ੇਅਰਜ਼ ਬਾਰੇ ਇਕ ਮੈਗਜ਼ੀਨ ਤੇ ਇਕ ਟੈਲੀਵਿਜ਼ਨ ਨਿਊਜ਼ ਪੋਰਟਲ ਨੇ ਇਸ ਪੂਰੇ ਘਟਨਾਕ੍ਰਮ ਸਬੰਧੀ ਰਿਪੋਰਟ ਨਸ਼ਰ ਕੀਤੀ ਹੈ। ਰਿਪੋਰਟ ਮੁਤਾਬਕ ਸ੍ਰੀ ਮੋਦੀ ੧੧ ਅਪਰੈਲ ਤਕ ਅਜਿਹੇ ਇਕਹਿਰੇ ਆਲਮੀ ਆਗੂ ਸਨ, ਜਿਸ ਨੂੰ ਵ੍ਹਾਈਟ ਹਾਊਸ ਫਾਲੋ ਕਰਦਾ ਸੀ।