ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਨਹੀਂ ਬਣਿਆ ਕੈਨੇਡਾ

0
913

ਵੈਨਕੂਵਰ: ਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਅਸਥਾਈ ਮੈਂਬਰ ਬਣਨ ਵਿਚ ਅਸਫਲ ਰਿਹਾ। ਸੁਰੱਖਿਆ ਪ੍ਰੀਸ਼ਦ ਦੇ ਹਰ ਅਸਥਾਈ ਮੈਂਬਰ ਨੂੰ ਚੁਣੇ ਜਾਣ ਲਈ ਦੋ-ਤਿਹਾਈ ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਕੈਨੇਡਾ ਨੂੰ ਸੀਟ ਹਾਸਲ ਕਰਨ ਲਈ ੧੨੮ ਸੀਟਾਂ ਦੀ ਜਰੂਰਤ ਸੀ ਪਰ ਇਸ ਦੇ ਖਾਤੇ ਸਿਰਫ ੧੦੮ ਸੀਟਾਂ ਆਈਆਂ ਜਦਕਿ ਨਾਰਵੇ ਨੂੰ ੧੩੦ ਅਤੇ ਆਇਰਲੈਂਡ ਨੂੰ ੧੨੮ ਸੀਟਾਂ ਹਾਸਲ ਹੋਈਆਂ।
ਭਾਰਤ, ਆਇਰਲੈਂਡ, ਮੈਕਸੀਕੋ ਅਤੇ ਨਾਰਵੇ ਅਸਥਾਈ ਮੈਂਬਰ ਚੁਣੇ ਗਏ ਹਨ। ਭਾਰਤ ੮ਵੀਂ ਵਾਰ ਇਸ ਦਾ ਮੈਂਬਰ ਬਣਿਆ ਹੈ। ਇਨ੍ਹਾਂ ਸਭ ਨੂੰ ਦੋ ਸਾਲ ਦੇ ਕਾਰਜਕਾਲ ਲਈ ਚੁਣਿਆ ਗਿਆ ਹੈ, ਜੋ ਜਨਵਰੀ ੨੦੨੧ ਤੋਂ ਸ਼ੁਰੂ ਹੋਵੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਜੇਕਰ ਉਹ ਇੱਥੇ ਜਗ੍ਹਾ ਬਣਾਉਣ ਵਿਚ ਅਸਫਲ ਹੁੰਦੇ ਹਨ ਤਾਂ ਵੀ ਪਹਿਲੀ ਜਨਵਰੀ ਨੂੰ ਬੈਲਜੀਅਮ, ਜਰਮਨੀ, ਇੰਡੋਨੇਸ਼ੀਆ, ਦੱਖਣੀ ਅਫਰੀਕਾ ਅਤੇ ਡੋਮਿਨਿਕ ਗਣਰਾਜ ਦਾ ਸੁਰੱਖਿਆ ਪ੍ਰੀਸ਼ਦ ਵਿਚ ਦੋ ਸਾਲ ਦਾ ਕਾਰਜਕਾਲ ਖਤਮ ਹੋ ਜਾਵੇਗਾ। ਸੁਰੱਖਿਆ ਪ੍ਰੀਸ਼ਦ ਦੇ ਅੱਧੇ ਅਸਥਾਈ ਮੈਂਬਰ ਹਰ ਸਾਲ ਦੋ ਸਾਲ ਦੇ ਕਾਰਜਕਾਲ ਲਈ ਚੁਣੇ ਜਾਂਦੇ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਕੁੱਲ ੧੫ ਮੈਂਬਰ ਹੁੰਦੇ ਹਨ ਜਿਨ੍ਹਾਂ ਵਿਚੋਂ ੧੦ ਅਸਥਾਈ ਜਦਕਿ ੫ ਸਥਾਈ ਮੈਂਬਰ ਹੁੰਦੇ ਹਨ। ਜ਼ਿਕਰਯੋਗ ਹੈ ਕਿ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ ਅਤੇ ਚੀਨ ਸਥਾਈ ਮੈਂਬਰ ਹਨ।