ਐਨਡੀਪੀ ਸਰਕਾਰ ਬਣਨ ‘ਤੇ ਤਜਵੀਜ਼ਸ਼ੁਦਾ ਦਵਾਈਆਂ ਮੁਫ਼ਤ ਮਿਲਣਗੀਆਂ-ਜਗਮੀਤ ਸਿੰਘ

0
618

ਸਰੀ – ਐਨਡੀਪੀ ਸਰਕਾਰ ਬਣਨ ਤੇ ਕੈਨੇਡਾ ਵਿੱਚ ਹਰ ਕਿਸੇ ਲਈ ਤਜਵੀਜ਼ਸ਼ੁਦਾ ਦਵਾਈਆਂ ਮੁਫ਼ਤ ਉਪਲਬਧ ਕਰਵਾਉਣ ਦੀ ਯੋਜਨਾ ਲਿਆਂਦੀ ਜਾਵੇਗੀ। ਇਸ ਯੋਜਨਾ ਨਾਲ ਹਰ ਇਕ ਪਰਿਵਾਰ ਨੂੰ ਔਸਤਨ 550 ਡਾਲਰ ਦੀ ਬਚਤ ਹੋਵੇਗੀ। ਇਹ ਐਲਾਨ ਕਰਦਿਆਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਹੈ ਕਿ ਇਸ ਯੋਜਨਾ ਹੈਲਥ ਕੇਅਰ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਨੌਕਰੀ, ਉਮਰ, ਸਥਾਨ, ਸਿਹਤ ਸਥਿਤੀ ਜਾਂ ਆਮਦਨੀ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਕੈਨੇਡੀਅਨਾਂ ਲਈ ਮਿਆਰੀ ਕੁਆਲਿਟੀ ਵਾਲੀਆਂ ਦਵਾਈਆਂ ਦੀ ਕਵਰੇਜ ਸ਼ਾਮਲ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਫਾਰਮਾਸਿਊਟੀਕਲ ਕੰਪਨੀਆਂ ਨਾਲ ਗੱਲਬਾਤ ਕਰਕੇ ਐਨਡੀਪੀ ਸਰਕਾਰ ਤਜਵੀਜ਼ ਕੀਤੀਆਂ ਦਵਾਈਆਂ ਨੂੰ ਮੁਫਤ ਉਪਲਬਧ ਕਰਵਾਉਣ ਵਿੱਚ ਸਹਾਇਤਾ ਕਰੇਗੀ ਅਤੇ ਇਸ ਨਾਲ ਸੂਬਾਈ ਸਿਹਤ ਪ੍ਰਣਾਲੀਆਂ ਦੇ ਪੈਸੇ ਦੀ ਵੀ ਬਚਤ ਹੋਵੇਗੀ, ਮਾਲਕਾਂ ਨੂੰ ਕਰਮਚਾਰੀਆਂ ਦੇ ਲਾਭਾਂ ਤੇ ਪੈਸੇ ਬਚਾਉਣ ਵਿੱਚ ਸਹਾਇਤਾ ਮਿਲੇਗੀ ਅਤੇ ਕੈਨੇਡੀਅਨਾਂ ਨੂੰ ਸਿਹਤਮੰਦ ਰਹਿਣ ਵਿਚ ਮਦਦ ਮਿਲੇਗੀ।

ਜਗਮੀਤ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਫਾਰਮਾਕੇਅਰ ਲਿਆਉਣ ਦਾ ਵਾਅਦਾ ਕਰਦੀ ਆ ਰਹੀ ਹੈ ਅਤੇ ਪਿਛਲੇ ਛੇ ਸਾਲਾਂ ਦੌਰਾਨ ਜਸਟਿਨ ਟਰੂਡੋ ਨੇ ਵੀ ਆਪਣੇ ਫਾਰਮਾਕੇਅਰ ਦੇ ਵਾਅਦੇ ਨੂੰ ਹਕੀਕਤ ਬਣਾਉਣ ਦੀ ਦਿਸ਼ਾ ਵਿੱਚ ਕੋਈ ਵੀ ਕਦਮ ਨਹੀਂ ਚੁੱਕਿਆ।

ਜਗਮੀਤ ਸਿੰਘ ਵਿਦਿਆਰਥੀਆਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ 20,000 ਡਾਲਰ ਤੱਕ ਦੇ ਵਿਦਿਆਰਥੀ ਕਰਜ਼ੇ ਮੁਆਫ ਕਰੇਗੀ, ਫੈਡਰਲ ਗ੍ਰਾਂਟਾਂ ਦੀ ਰਕਮ ਦੁੱਗਣੀ ਕਰੇਗੀ ਅਤੇ ਗ੍ਰੈਜੂਏਟਾਂ ਨੂੰ ਪੰਜ ਸਾਲਾਂ ਲਈ ਆਪਣੇ ਕਰਜ਼ਿਆਂ ਦੇ ਫੈਡਰਲ ਹਿੱਸੇ ਦੀ ਅਦਾਇਗੀ ਕਰਨ ਦੀ ਜ਼ਰੂਰਤ ਨਹੀਂ ਹੋਏਗੀ।