ਬ੍ਰਹਮਪੁਰਾ ਫਿਰ ਅਕਾਲੀ ਦਲ ’ਚ ਸ਼ਾਮਲ,ਕਿਹਾ- ਛੁੱਟੀ ’ਤੇ ਗਿਆ ਸੀ, ਰੈਜੀਮੈਂਟ ’ਚ ਪਰਤ ਆਇਆ ਹਾਂ

0
755

ਚੰਡੀਗਡ਼੍ਹ: ਮਾਝੇ ਦੇ ਜਰਨੈਲ ਕਹੇ ਜਾਣ ਵਾਲੇ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਦੂਜੇ ਸਭ ਤੋਂ ਬਜ਼ੁਰਗ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨਾਲ ਸਾਬਕਾ ਵਿਧਾਇਕ ਉਜਾਗਰ ਸਿੰਘ ਵਡਾਲੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਕਰਨੈਲ ਸਿੰਘ ਪੀਰ ਮੁਹੰਮਦ, ਮਨਮੋਹਨ ਸਿੰਘ ਸਠਿਆਲਾ, ਮਹਿੰਦਰ ਸਿੰਘ ਹੁਸੈਨਪੁਰ ਆਦਿ ਨੇ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਅਲਵਿਦਾ ਕਹਿ ਕੇ ਘਰ ਵਾਪਸੀ ਕੀਤੀ
ਹੈ।
ਘਰ ਵਾਪਸੀ ਨੂੰ ਲੈ ਕੇ ਬ੍ਰਹਮਪੁਰਾ ਨੇ ਸਿਰਫ਼ ਏਨੀ ਕੁ ਸ਼ਰਤ ਜ਼ਰੂਰ ਰੱਖੀ ਕਿ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੇ ਘਰ ਆਉਣ। ਉਹ ਪਾਰਟੀ ਦਫ਼ਤਰ ਵਿਚ ਜਾ ਕੇ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੀ ਸ਼ਰਤ ਨੂੰ ਮੰਨਦੇ ਹੋਏ ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਬਾਅਦ ਲੰਬੀ ਹਲਕੇ ਤੋਂ ਬਾਹਰ ਨਿਕਲੇ। ਉਹ ਖਡੂਰ ਸਾਹਿਬ ਸਥਿਤ ਬ੍ਰਹਮਪੁਰਾ ਦੇ ਨਿਵਾਸ ਸਥਾਨ ਪੁੱਜੇ। ਇਸ ਦੌਰਾਨ ਸੁਖਬੀਰ ਬਾਦਲ ਨੇ ਪੰਥਕ ਸਿਆਸਤ ਨੂੰ ਮਜ਼ਬੂਤ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਉਸ ਨੂੰ ਮਜ਼ਬੂਤ ਕਰਨਾ ਚਾਹੀਦਾ। ਪੰਥ ’ਤੇ ਸਾਰੀਆਂ ਸਰਕਾਰਾਂ ਹਮਲਾ ਕਰ ਰਹੀਆਂ ਹਨ ਕਿਉਂਕਿ ਅਕਾਲੀ ਦਲ ਪੰਥਕ ਪਾਰਟੀ ਹੈ, ਇਸ ਲਈ ਉਸ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਜੇਕਰ ਸਾਡੀ ਸਿਆਸੀ ਤਾਕਤ ਮਜ਼ਬੂਤ ਹੋਵੇਗੀ, ਤਾਂ ਧਰਮ ਵੀ ਬਚੇਗਾ। ਉਨ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪਾਰਟੀ ਦਾ ਉਪ-ਸਰਪ੍ਰਸਤ ਬਣਾਉਣ ਦਾ ਵੀ ਐਲਾਨ ਕੀਤਾ, ਪਰ ਬ੍ਰਹਮਪੁਰਾ ਨੇ ਬਾਦਲ ਦੇ ਸਨਮਾਨ ਵਿਚ ਇਹ ਮਨਜ਼ੂਰ ਨਹੀਂ ਕੀਤਾ।

ਬ੍ਰਹਮਪੁਰਾ ਬੋਲੇ, ਛੁੱਟੀ ’ਤੇ ਗਿਆ ਸੀ, ਰੈਜੀਮੈਂਟ ’ਚ ਪਰਤ ਆਇਆ

ਬ੍ਰਹਮਪੁਰਾ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦਾ ਅਕਾਲੀ ’ਚੋਂ ਜਾਣਾ ਅਜਿਹਾ ਸੀ ਕਿ ਜਿਵੇਂ ਕੋਈ ਫ਼ੌਜੀ ਛੁੱਟੀ ’ਤੇ ਚਲਾ ਜਾਂਦਾ ਹੈ ਅਤੇ ਬਾਅਦ ਵਿਚ ਪਰਤ ਆਉਂਦਾ ਹੈ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਬਾਬਾ ਬੋਹਡ਼ ਦੱਸਦੇ ਹੋਏ ਕਿਹਾ ਕਿ ਹੁਣ ਪਾਰਟੀ ਵਿਚ ਦੂਜੇ ਨੰਬਰ ’ਤੇ ਤਾਂ ਮੈਂ ਵੀ ਹਾਂ। ਕਿਤੇ ਮੇਰੇ ਤੋਂ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰੋ।