ਪਾਕਿ ‘ਚ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ

0
902

ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ‘ਚ ਜਿਸ ਜਗ੍ਹਾ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਪਿਛਲੇ ਵਰ੍ਹੇ ੨੮ ਅਕਤੂਬਰ ਨੂੰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਦੇ ਸਥਾਨ ‘ਤੇ ਜੰਗੀ ਪੱਧਰ ‘ਤੇ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ੍ਰੀ ਨਨਕਾਣਾ ਸਾਹਿਬ ਤੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਸੰਘੀ ਗ੍ਰਹਿ ਮੰਤਰੀ ਬ੍ਰਿਗੇਡੀਅਰ (ਸੇਵਾਮੁਕਤ) ਇਜਾਜ਼ ਸ਼ਾਹ ਦੀਆਂ ਕੋਸ਼ਿਸ਼ਾਂ ਸਦਕਾ ਯੂਨੀਵਰਸਿਟੀ ਦੀ ਸ਼ੁਰੂ ਕੀਤੀ ਗਈ ਉਸਾਰੀ ਦੌਰਾਨ ਸ਼ੁਰੂਆਤ ‘ਚ ਚਾਰੇ ਪਾਸੇ ਇਕ ਮਜ਼ਬੂਤ ਤੇ ਉੱਚੀ ਦੀਵਾਰ ਖੜ੍ਹੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਯੂਨੀਵਰਸਿਟੀ ਦੇ ਕੁਝ ਭਵਨਾਂ ਦੀਆਂ ਨੀਂਹਾਂ ਭਰਨ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ। ਸ: ਚਾਵਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਵੱਖ-ਵੱਖ ਕਬਜ਼ਾਧਾਰੀਆਂ ਤੋਂ ਵਕਫ਼ ਦੀ ੧੦੭ ਏਕੜ ਭੂਮੀ ਕਬਜ਼ਾ ਮੁਕਤ ਕਰਵਾ ਕੇ ਲਗਪਗ ੬੦੦ ਕਰੋੜ ਦੀ ਲਾਗਤ ਨਾਲ ਉਕਤ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਵਲੋਂ ਜਾਰੀ ਹੁਕਮਾਂ ਦੇ ਚਲਦਿਆਂ ਪਾਕਿ ‘ਚ ਔਕਾਫ਼ ਦੀਆਂ ਜਿੰਨੀਆਂ ਵੀ ਜ਼ਮੀਨਾਂ ‘ਤੇ ਭੂ-ਮਾਫ਼ੀਆ ਦਾ ਕਬਜ਼ਾ ਕਾਇਮ ਹੈ, ਨੂੰ ਫ਼ੌਰੀ ਤੌਰ ‘ਤੇ ਕਬਜ਼ਾ ਮੁਕਤ ਕਰਵਾ ਕੇ ਉੱਥੇ ਹਸਪਤਾਲ ਅਤੇ ਯੂਨੀਵਰਸਿਟੀਆਂ ਉਸਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਬਾਈ ਅਸੈਂਬਲੀ ਵਲੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਲਈ ਲੋੜੀਂਦੇ ਫ਼ੰਡਾਂ ਨੂੰ ਮਨਜ਼ੂਰੀ ਵੀ ਦਿੱਤੀ ਜਾ ਚੁਕੀ ਹੈ। ਉਨ੍ਹਾਂ ਨੇ ਪਾਕਿ ਸਿੱਖ ਸੰਗਤ ਵਲੋਂ ਯੂਨੀਵਰਸਿਟੀ ਖੋਲ੍ਹਣ ਦੀ ਯੋਜਨਾ ਨੂੰ ਕਾਮਯਾਬ ਬਣਾਉਣ ਲਈ ਗ੍ਰਹਿ ਮੰਤਰੀ ਇਜਾਜ਼ ਸ਼ਾਹ, ਮੁੱਖ ਮੰਤਰੀ ਉਸਮਾਨ ਬੁਜ਼ਦਾਰ ਦਾ ਧੰਨਵਾਦ ਪ੍ਰਗਟ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਸਿੱਖ ਸੰਗਤ ਤੇ ਨਜ਼ਦੀਕੀ ਸ਼ਹਿਰਾਂ ਦੇ ਮੁਸਲਿਮ ਭਾਈਚਾਰੇ ਨੂੰ ਦਿੱਤਾ ਜਾਣ ਵਾਲਾ ਇਕ ਅਨਮੋਲ ਤੋਹਫ਼ਾ ਦੱਸਿਆ।