ਨਿਸ਼ਾਨੇਬਾਜ਼ੀ: ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਅਵਨੀ ਲੇਖਰਾ

0
198

ਚੈਟੋਰੌਕਸ: ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸ ਨੇ ਟੋਕੀਓ ਤੋਂ ਬਾਅਦ ਪੈਰਿਸ ਪੈਰਾਲੰਪਿਕ ਵਿੱਚ ਵੀ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ (ਐੱਸਐੱਚ1) ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ, ਜਦਕਿ ਭਾਰਤ ਦੀ ਹੀ ਮੋਨਾ ਅਗਰਵਾਲ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ 22 ਸਾਲਾ ਅਵਨੀ ਨੇ 249.7 ਦਾ ਸਕੋਰ ਬਣਾ ਕੇ ਆਪਣੇ ਹੀ 249.6 ਦੇ ਪੁਰਾਣੇ ਰਿਕਾਰਡ ਨੂੰ ਤੋੜਿਆ। ਇਸੇ ਦੌਰਾਨ ਸ਼ਾਟਪੁੱਟ, ਪਾਵਰਲਿਫਟਿੰਗ ਅਤੇ ਵ੍ਹੀਲਚੇਅਰ ਵਾਲੀਬਾਲ ਮਗਰੋਂ ਦੋ ਸਾਲ ਪਹਿਲਾਂ ਨਿਸ਼ਾਨੇਬਾਜ਼ੀ ਵਿੱਚ ਪ੍ਰਦਰਸ਼ਨ ਕਰਨ ਵਾਲੀ ਮੋਨਾ ਨੇ 228.7 ਦੇ ਸਕੋਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।

ਭਾਰਤ ਦੇ ਪੈਰਾਲੰਪਿਕ ਇਤਿਹਾਸ ਵਿੱਚ ਪਹਿਲੀ ਵਾਰ ਦੋ ਨਿਸ਼ਾਨੇਬਾਜ਼ਾਂ ਨੇ ਇੱਕ ਹੀ ਮੁਕਾਬਲੇ ਵਿੱਚ ਤਗ਼ਮੇ ਜਿੱਤੇ ਹਨ। ਜੈਪੁਰ ਦੀ ਰਹਿਣ ਵਾਲੀ ਅਵਨੀ ਪੈਰਾਲੰਪਿਕ ਤੋਂ ਪਹਿਲਾਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ। ਉਸ ਦੇ ਪਿੱਤੇ ਦੇ ਅਪਰੇਸ਼ਨ ਕਾਰਨ ਡੇਢ ਮਹੀਨੇ ਦੀ ਛੁੱਟੀ ਲੈਣੀ ਪਈ ਸੀ। ਅਪਰੇਸ਼ਨ ਕਾਰਨ ਉਸ ਦਾ ਵਜ਼ਨ ਵੀ ਘੱਟ ਗਿਆ ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਅਵਨੀ ਨੇ ਪੈਰਿਸ ਵਿੱਚ ਭਾਰਤ ਦਾ ਝੰਡਾ ਲਹਿਰਾਇਆ।