ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਉਹ ਅਗਲੇ 24 ਘੰਟਿਆਂ ਵਿੱਚ ਨਵੀਂ ਦਿੱਲੀ ’ਤੇ ਟੈਰਿਫ ‘ਕਾਫੀ ਵਧਾ’ ਦੇਣਗੇ ਕਿਉਂਕਿ ਉਹ ਰੂਸ ਤੋਂ ਤੇਲ ਖਰੀਦ ਰਿਹਾ ਹੈ। ਟਰੰਪ ਨੇ ਕਿਹਾ ਕਿ ਭਾਰਤ ਜੰਗੀ ਮਸ਼ੀਨ ਨੂੰ ਹਵਾ ਦੇ ਰਿਹਾ ਹੈ। ਟਰੰਪ ਨੇ ਸੀਐੱਨਬੀਸੀ ਸਕੁਆਕ ਬਾਕਸ ਨਾਲ ਇੱਕ ਇੰਟਰਵਿਊ ਵਿੱਚ ਕਿਹਾ, ‘‘”ਭਾਰਤ ਬਾਰੇ ਲੋਕ ਜੋ ਕਹਿਣਾ ਪਸੰਦ ਨਹੀਂ ਕਰਦੇ, ਉਹ ਇਹ ਕਿ ਭਾਰਤ ਸਭ ਤੋਂ ਵੱਧ ਟੈਰਿਫ ਲਗਾਉਣ ਵਾਲਾ ਮੁਲਕ ਹੈ। ਉਨ੍ਹਾਂ ਦਾ ਟੈਰਿਫ ਕਿਸੇ ਵੀ ਮੁਲਕ ਨਾਲੋਂ ਵੱਧ ਹੈ। ਅਸੀਂ ਭਾਰਤ ਨਾਲ ਬਹੁਤ ਘੱਟ ਵਪਾਰ ਕਰਦੇ ਹਾਂ ਕਿਉਂਕਿ ਉਨ੍ਹਾਂ ਦਾ ਟੈਰਿਫ ਬਹੁਤ ਜ਼ਿਆਦਾ ਹੈ।’’
ਅਮਰੀਕੀ ਸਦਰ ਨੇ ਕਿਹਾ, ‘‘ਭਾਰਤ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ, ਕਿਉਂਕਿ ਉਹ ਸਾਡੇ ਨਾਲ ਬਹੁਤ ਸਾਰਾ ਕਾਰੋਬਾਰ ਕਰਦੇ ਹਨ, ਪਰ ਅਸੀਂ ਉਨ੍ਹਾਂ ਨਾਲ ਕਾਰੋਬਾਰ ਨਹੀਂ ਕਰਦੇ। ਇਸ ਲਈ ਅਸੀਂ 25% (ਟੈਰਿਫ) ’ਤੇ ਸਮਝੌਤਾ ਕੀਤਾ, ਪਰ ਮੈਨੂੰ ਲੱਗਦਾ ਹੈ ਕਿ ਮੈਂ ਅਗਲੇ 24 ਘੰਟਿਆਂ ਵਿੱਚ ਇਸ ਨੂੰ ਬਹੁਤ ਜ਼ਿਆਦਾ ਵਧਾਉਣ ਜਾ ਰਿਹਾ ਹਾਂ, ਕਿਉਂਕਿ ਉਹ ਰੂਸੀ ਤੇਲ ਖਰੀਦ ਰਹੇ ਹਨ। ਉਹ ਜੰਗੀ ਮਸ਼ੀਨ ਨੂੰ ਹਵਾ ਦੇ ਰਹੇ ਹਨ। ਅਤੇ ਜੇਕਰ ਉਹ ਅਜਿਹਾ ਕਰਨ ਜਾ ਰਹੇ ਹਨ, ਤਾਂ ਮੈਂ ਖੁਸ਼ ਨਹੀਂ ਹੋਵਾਂਗਾ।’’ ਟਰੰਪ ਨੂੰ ਜਦੋਂ ਭਾਰਤ ਨਾਲ ਹੋਣ ਵਾਲੇ ਵਪਾਰਕ ਸਮਝੌਤੇ ਬਾਰੇ ਪੁੱਛਿਆ ਗਿਆ ਜੋ ਨੇੜੇ ਜਾਪਦਾ ਸੀ, ਤਾਂ ਅਮਰੀਕੀ ਸਦਰ ਨੇ ਕਿਹਾ ਕਿ ਭਾਰਤ ਨਾਲ ‘ਮੁਸ਼ਕਲ’ ਇਹ ਹੈ ਕਿ ਇਸ ਦੇ ਟੈਰਿਫ ਬਹੁਤ ਜ਼ਿਆਦਾ ਹਨ। ਰਾਸ਼ਟਰਪਤੀ ਨੇ ਕਿਹਾ, ‘‘ਹੁਣ ਮੈਂ ਕਹਾਂਗਾ ਕਿ ਭਾਰਤ ਹੁਣ ਤੱਕ ਦੇ ਸਭ ਤੋਂ ਉੱਚੇ ਟੈਰਿਫ ਤੋਂ ਸਾਨੂੰ ਜ਼ੀਰੋ ਟੈਰਿਫ ਦੇਵੇਗਾ… ਪਰ ਉਹ ਤੇਲ ਨਾਲ ਜੋ ਕੁਝ ਕਰ ਰਹੇ ਹਨ, ਉਸ ਨੂੰ ਦੇਖਦਿਆਂ ਇਹ ਕਾਫ਼ੀ ਨਹੀਂ ਹੈ।’’