ਪਾਕਿਸਤਾਨ ਤੋਂ ਸਿੱਖ ਪਰਿਵਾਰ ਜਾਨ ਬਚਾ ਕੇ ਪੁੱਜਾ ਭਾਰਤ

0
1105

ਪਾਕਿਸਤਾਨ ‘ਚ ਘੱਟਗਿਣਤੀਆਂ ਦੀ ਮਾੜੀ ਹਾਲਤ ਦਾ ਇਕ ਹੋਰ ਸਬੂਤ ਸਾਹਮਣੇ ਆਇਆ ਹੈ। ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ( ਪੀਟੀਆਈ ) ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ (੪੩) ਨੂੰ ਪਰਿਵਾਰ ਸਮੇਤ ਜਾਨ ਬਚਾ ਕੇ ਭਾਰਤ ‘ਚ ਆਉਣਾ ਪਿਆ ਹੈ ਤੇ ਹੁਣ ਉਹ ਇੱਥੇ ਸਿਆਸੀ ਸ਼ਰਨ ਦੀ ਉਮੀਦ ਲਾਈ ਬੈਠੇ ਹਨ। ਉਨ੍ਹਾਂ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਕੁਝ ਦਿਨ ਪਹਿਲਾਂ ਭਾਰਤ ਭੇਜ ਦਿੱਤਾ ਸੀ ਤੇ ਉਹ ੧੨ ਅਗਸਤ ਨੂੰ ਈਦ ਵਾਲੇ ਦਿਨ ਭਾਰਤ ਆਏ ਸਨ। ਹੁਣ ਉਹ ਖੰਨਾ ਦੇ ਮਾਡਲ ਟਾਊਨ ‘ਚ ਕਿਰਾਏ ਦੇ ਮਕਾਨ ‘ਚ ਪਰਿਵਾਰ ਦੇ ਨਾਲ ਰਹਿਣ ਲੱਗੇ ਹਨ। ਪਾਕਿਸਤਾਨ ਦੇ ਸਹਿਜਧਾਰੀ ਸਿੱਖ ਬਲਦੇਵ ਕੁਮਾਰ ਪੁੱਤਰ ਨਾਨਕ ਚੰਦ ਖ਼ੈਬਰ ਪਖ਼ਤੂਨਖਵਾ (ਕੇਪੀਕੇ) ਵਿਧਾਨ ਸਭਾ ਸੀਟ ਬਾਰੀਕੋਟ (ਰਿਜ਼ਰਵ) ਤੋਂ ਵਿਧਾਇਕ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਪਿਛਲੇ ਸਾਲ ੨੦੧੮ ‘ਚ ਹੀ ਖ਼ਤਮ ਹੋਇਆ ਹੈ। ਬਲਦੇਵ ਦਾ ਵਿਆਹ ਖੰਨਾ ਦੀ ਰਹਿਣ ਵਾਲੀ ਭਾਵਨਾ ਨਾਲ ੨੦੦੭ ‘ਚ ਹੋਇਆ ਸੀ। ਵਿਆਹ ਦੇ ਸਮੇਂ ਉਹ ਪਕਿਸਤਾਨ ‘ਚ ਕੌਂਸਲਰ ਸਨ ਤੇ ਬਾਅਦ ‘ਚ ਵਿਧਾਇਕ ਬਣੇ ਸਨ। ਸਹਿਜਧਾਰੀ ਸਿੱਖ ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਘੱਟ ਗਿਣਤੀ ਲੋਕਾਂ ‘ਤੇ ਪਾਕਿਸਤਾਨ ‘ਚ ਜ਼ੁਲਮ ਹੋ ਰਹੇ ਹਨ। ਹਿੰਦੂ ਤੇ ਸਿੱਖ ਆਗੂਆਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਅਜਿਹੀ ਹੀ ਇੱਕ ਹੱਤਿਆ ‘ਚ ਉਨ੍ਹਾਂ ‘ਤੇ ਝੂਠੇ ਦੋਸ਼ ਲਗਾ ਕੇ ਦੋ ਸਾਲ ਜੇਲ੍ਹ ‘ਚ ਰੱਖਿਆ ਗਿਆ ਸੀ ਤੇ ਉਹ ੨੦੧੮ ‘ਚ ਉਹ ਬਰੀ ਹੋਏ ਸਨ। ੨੦੧੬ ‘ਚ ਆਪਣੀ ਹੀ ਪਾਰਟੀ ਦੇ ਵਿਧਾਇਕ ਸੂਰਣ ਸਿੰਘ ਦੀ ਹੱਤਿਆ ਦਾ ਦੋਸ਼ ਲਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।