ਜਾਨਲੇਵਾ ਹਮਲੇ ਤੋਂ ਬਾਅਦ ਪਰਮੀਸ਼ ਦੀ ਹਾਲਤ ‘ਚ ਸੁਧਾਰ,ਫ਼ੈਨਜ਼ ਦਾ ਕੀਤਾ ਧਨਵਾਦ

ਬੀਤੀ ਰਾਤ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਏ ਪੰਜਾਬ ਦੇ ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੀ ਹਾਲਤ ਵਿਚ ਸੁਧਾਰ ਹੈ। ਜਿਸ ਦੀ ਜਾਣਕਾਰੀ ਖੁਦ ਪਰਮੀਸ਼ ਵਰਮਾ ਦੇ ਅਫ਼ੀਸ਼ੀਅਲ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਪਾ ਕੇ ਦਿਤੀ ਹੈ, ਜਿਸ ਵਿਚ ਪਰਮੀਸ਼ ਨੇ ਗੁਰੂ ਨਾਨਕ ਦੇਵੀ ਜੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਬਾਬੇ ਨਾਨਕ ਦੀ ਮੇਹਰ ਨਾਲ ਮੈਂ ਠੀਕ ਹਾਂ। ਸਾਰੇ ਫੈਂਸ ਦਾ ਧੰਨਵਾਦ। ਨਾਲ ਹੀ ਉਨ੍ਹਾਂ ਲਿਖਿਆ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਜਿਸ ਤਰ੍ਹਾਂ ਮੇਰੀ ਮਾਂ ਅੱਜ ਰੋਈ ਪੰਜਾਬ ਦੇ ਕਿਸੇ ਪੁੱਤ ਦੀ ਮਾਂ ਕਦੇ ਨਾ ਰੋਵੇ। ਸਰਬੱਤ ਦਾ ਭਲਾ। ਇਸ ਪੋਸਟ ਤੋਂ ਬਾਅਦ ਪਰਮੀਸ਼ ਦੇ ਹਜ਼ਾਰਾਂ ਫੈਨਸ ਨੇ ਉਨ੍ਹਾਂ ਨੂੰ ਪੋਸਟ ਤੇ ਕੁਮੈਂਟ ਕਰਕੇ ਜਲਦੀ ਠੀਕ ਹੋ ਦੀ ਦੁਆ ਕੀਤੀ ਹੈ ਅਤੇ ਜਲਦ ਹਿੰਮਤ ਨਾ ਹਾਰਨ ਦੇ ਲਈ ਹੋਂਸਲਾ ਵੀ ਦਿੱਤਾ ਹੈ। ਦਸ ਦਈਏ ਕਿ ਪਰਮੀਸ਼ ਦੇ ਸ਼ੁਭਚਿੰਤਕਾਂ ‘ਚ ਪਾਲੀਵੁੱਡ ਇੰਡਸਟਰੀ ਦੇ ਕਲਾਕਾਰ ਵੀ ਸ਼ਾਮਿਲ ਹਨ। ਦਈਏ ਕਿ ਬੀਤੀ ਰਾਤ ਇਕ ਅਣਪਛਾਤੇ ਵਿਅਕਤੀ ਵਲੋਂ ਪਰਮੀਸ਼ ਤੇ ਹਮਲਾ ਕਰ ਦਿਤਾ ਗਿਆ ਸੀ ਜਿਸ ਦੀ ਜ਼ਿਮੇਵਾਰੀ ਅੱਜ ਸਵੇਰੇ ਦਿਲਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਲਈ ਸੀ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਅਧੀਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਪਰਮੀਸ਼ ਵਰਮਾ ਦੇ ਗੋਡੇ ‘ਤੇ ਗੰਭੀਰ ਸੱਟ ਲੱਗੀ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ‘ਚ ਸੁਧਾਰ ਦੱਸਿਆ ਜਾ ਰਿਹਾ ਹੈ ਅਤੇ ਉਹ ਖਤਰੇ ‘ਚੋਂ ਬਾਹਰ ਹੈ।