ਟਰੂਡੋ ਦੀ ਘੱਟ ਗਿਣਤੀ ਸਰਕਾਰ ਲਈ ਜੁਲਾਈ ਤੋਂ ਵਧੇਗੀ ਚੁਣੌਤੀ

0
925

ਟੋਰਾਂਟੋ: ਕੈਨੇਡਾ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਵਿਰੋਧੀ ਧਿਰ ਕਮਜ਼ੋਰ ਹੋਣ ਕਾਰਨ ਅਜੇ ਉਨ੍ਹਾਂ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਹੈ। ਅਗਲੇ ਛੇ ਕੁ ਮਹੀਨੇ ਕੋਈ ਵੱਡੀ ਚੁਣੌਤੀ ਬਣਨ ਦੀ ਸੰਭਾਵਨਾ ਵੀ ਨਹੀਂ ਹੈ। ਵਿਰੋਧੀ ਧਿਰ, ਕੰਜ਼ਰਵੇਟਿਵ ਪਾਰਟੀ ਕੋਲ ਅਜੇ ਨਵਾਂ ਆਗੂ ਨਹੀਂ ਹੈ ਅਤੇ ਨਿਊੂ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੀ ਆਰਥਿਕਤਾ ਡਾਵਾਂਡੋਲ ਹੋਣ ਕਾਰਨ ਉਹ ਟਰੂਡੋ ਸਰਕਾਰ ਦੀ ਸ਼ਬਦੀ ਆਲੋਚਨਾ ਤੋਂ ਵੱਧ ਬਹੁਤਾ ਕੁਝ ਕਰਨ ਦੇ ਸਮਰੱਥ ਨਹੀਂ। ਕੈਨੇਡਾ ਦੇ ਹਾਊਸ ਆਫ ਕਾਮਨਜ਼ (ਲੋਕ ਸਭਾ) ਦਾ ੨੦੨੦ ਦਾ ਪਹਿਲਾ ਸੈਸ਼ਨ ੨੭ ਜਨਵਰੀ ਨੂੰ ਸ਼ੁਰੂ ਹੋਵੇਗਾ ਅਤੇ ੨੩ ਜੂਨ ਤੱਕ ਚੱਲਦਾ ਰਹੇਗਾ ਪਰ ਉਸ ਸੈਸ਼ਨ ਦੌਰਾਨ ਕੰਜ਼ਰਵੇਟਿਵ ਪਾਰਟੀ ਆਗੂ ਦੀ ਘਾਟ ਕਾਰਨ ਸਰਕਾਰ ਨੂੰ ਭੰਗ ਕਰਵਾ ਕੇ ਚੋਣਾਂ ‘ਚ ਕੁੱਦਣ ਦਾ ਕਦਮ ਨਹੀਂ ਉਠਾ ਸਕੇਗੀ। ਇਹ ਵੀ ਕਿ ਬਲਾਕ ਕਿਊਬਕ ਦਾ ਲਿਬਰਲ ਪਾਰਟੀ ਨੂੰ ਸਮਰਥਨ ਮਿਲਦਾ ਹੋਣ ਕਾਰਨ ਦੂਸਰੀਆਂ ਪਾਰਟੀਆਂ (ਕੰਜ਼ਰਵੇਟਿਵ ਅਤੇ ਐਨ.ਡੀ.ਪੀ.) ਦਾ ਵਿਰੋਧ ਬਹੁਤਾ ਅਸਰਦਾਰ ਨਹੀਂ ਹੋਵੇਗਾ, ਕਿਉਂਕਿ ਸਰਕਾਰ ਨੂੰ ਡੇਗਿਆ ਨਹੀਂ ਜਾ
ਸਕੇਗਾ।
ਕੰਜ਼ਰਵੇਟਿਵ ਪਾਰਟੀ ਵਲੋਂ ਬੀਤੇ ਮਹੀਨੇ ਅਪ੍ਰੈਲ ੨੦੨੦ ‘ਚ ਕੀਤੀ ਜਾਣ ਵਾਲੀ ਆਗੂ ਦੀ ਚੋਣ ਮੁਲਤਵੀ ਕਰਨ ਪਰ ਨਵੀਂ ਤਰੀਕ ਤਹਿ ਨਾ ਕਰਨ ਨਾਲ ਅਜਿਹੇ ਸੰਕੇਤ ਮਿਲਣ ਲੱਗੇ ਸਨ ਕਿ ਇਸ ਸਾਰੇ ਸਾਲ ਦੌਰਾਨ ਸ੍ਰੀ ਟਰੂਡੋ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਹੋਵੇਗਾ। ਤਾਜ਼ਾ ਸੂਚਨਾ ਅਨੁਸਾਰ ਹੁਣ ਕੰਜ਼ਰਵੇਟਿਵ ਪਾਰਟੀ ਅੰਦਰ ਸਫਬੰਦੀ ਵਧ ਚੁੱਕੀ ਹੈ ਅਤੇ ਲੰਬਾ ਸਮਾਂ ਟਰੂਡੋ ਸਰਕਾਰ ਨੂੰ ਚੁਣੌਤੀ ਨਾ ਦੇ ਸਕਣ ਤੋਂ ਗੁਰੇਜ਼ ਕਰਨ ਦੀ ਨੀਤੀ ਅਪਣਾਈ ਜਾਣ ਲੱਗੀ ਹੈ। ਬੀਤੇ ਸ਼ੁੱਕਰਵਾਰ ਨੂੰ ਨਵੇਂ ਆਗੂ ਦੀ ਚੋਣ ਦੀ ਤਰੀਕ ੨੭ ਜੂਨ ਤਹਿ ਕਰ ਦਿੱਤੀ ਗਈ ਹੈ। ਪਾਰਟੀ ਦੀ ਲੀਡਰਸæਿਪ ਕਨਵੈਂਸ਼ਨ ਟੋਰਾਂਟੋ ਵਿਖੇ ਹੋਵੇਗੀ ਅਤੇ ੨੭ ਜੂਨ ਨੂੰ ਮੌਜੂਦਾ ਕੰਮ-ਚਲਾਊ ਆਗੂ ਐਾਡਰੀਊ ਸ਼ੀਅਰ ਦੀ ਜਗ੍ਹਾ ਨਵੇਂ ਆਗੂ ਦੀ ਚੋਣ ਕੀਤੀ ਜਾਵੇਗੀ। ਇਸ ਦਾ ਭਾਵ ਹੈ ਕਿ ੨੩ ਜੂਨ ਤੱਕ ਚੱਲਣ ਵਾਲਾ ਹਾਊਸ ਆਫ ਕਾਮਨਜ਼ ਦਾ ਸੈਸ਼ਨ ਵਿਰੋਧੀ ਪਾਰਟੀਆਂ ਦੇ ਬਿਨਾ ਕਿਸੇ ਵੱਡੇ ਰਾਜਨੀਤਕ ਵਿਘਨ ਤੋਂ ਚੱਲਦਾ ਰਹੇਗਾ। ਪਰ ਜੁਲਾਈ ਅਤੇ ਅਗਸਤ ਦੀਆਂ ਛੁੱਟੀਆਂ ਤੋਂ ਬਾਅਦ ੨੧ ਸਤੰਬਰ ੨੦੨੦ ਨੂੰ ਸ਼ੁਰੂ ਹੋਣ ਵਾਲ਼ੇ ਸੈਸ਼ਨ ‘ਚ ਕੰਜ਼ਰਵੇਟਿਵ ਪਾਰਟੀ ਆਪਣੇ ਨਵੇਂ ਆਗੂ ਦੀ ਅਗਵਾਈ ‘ਚ ਵੱਧ ਮਜ਼ਬੂਤ ਹੋ ਕੇ ਸਾਹਮਣੇ ਆ ਜਾਵੇਗੀ।