ਕੇਂਦਰ ਨੇ ਕਸ਼ਮੀਰ ਨੂੰ ‘ਵੱਡੀ ਜੇਲ੍ਹ’ ਵਿਚ ਬਦਲਿਆ: ਸਟਾਲਿਨ

0
2040

ਐੱਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਸਿਆਸੀ ਪਾਰਟੀ ਡੀਐੱਮਕੇ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਨੇ ਕਸ਼ਮੀਰ ਖਿੱਤੇ ਨੂੰ ‘ਇਕ ਵੱਡੀ ਜੇਲ੍ਹ ਵਿਚ ਬਦਲ ਦਿੱਤਾ ਹੈ।’ ਪਾਰਟੀ ਨੇ ਨਜ਼ਰਬੰਦ ਕੀਤੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਸਣੇ ਹੋਰਨਾਂ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਜੰਮੂ ਕਸ਼ਮੀਰ ਮੁੱਦੇ ’ਤੇ ਕੇਂਦਰ ਦੇ ਫ਼ੈਸਲੇ ਦੀ ਲਗਾਤਾਰ ਨਿਖੇਧੀ ਕਰ ਰਹੀ ਡੀਐੱਮਕੇ ਨੇ ਮੰਗ ਕੀਤੀ ਕਿ ‘ਕੇਂਦਰ ਸਰਕਾਰ ਰਾਜ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਕਰੇ।’ ਪਾਰਟੀ ਦੀ ਇੱਥੇ ਆਮ ਕੌਂਸਲ ਮੀਟਿੰਗ ਮੌਕੇ ਇਕ ਮਤਾ ਪਾਸ ਕਰ ਕੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦੀ ਨਿਖੇਧੀ ਕੀਤੀ ਗਈ। ਡੀਐੱਮਕੇ ਨੇ ਰਾਜ ਵਿਧਾਨ ਸਭਾ ਦੀ ਮਨਜ਼ੂਰੀ ਅਤੇ ਲੋਕਾਂ ਦੀ ਰਾਇ ਲਏ ਬਿਨਾਂ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੀ ਵੀ ਨਿਖੇਧੀ ਕੀਤੀ। ਪਾਰਟੀ ਦੀ ਇਸ ਮੀਟਿੰਗ ਦੀ ਅਗਵਾਈ ਸਟਾਲਿਨ ਨੇ ਕੀਤੀ ਤੇ ਕੇਂਦਰ ਸਰਕਾਰ ਤੋਂ ਜੰਮੂ ਕਸ਼ਮੀਰ ਵਿਚ ਮਨੁੱਖੀ ਹੱਕਾਂ ਦਾ ਮਾਣ ਰੱਖਣ ਦੀ ਮੰਗ ਕੀਤੀ। ਡੀਐੱਮਕੇ ਨੇ ਕਿਹਾ ਕਿ ਲੋਕਤੰਤਰਿਕ ਕਦਰਾਂ-ਕੀਮਤਾਂ ਇਸ ਤਰ੍ਹਾਂ ਆਗੂਆਂ ਨੂੰ ਬੰਦ ਕਰ ਕੇ ਰੱਖਣ ਦੀ ਇਜਾਜ਼ਤ ਨਹੀਂ ਦਿੰਦੀਆਂ। ਪਾਰਟੀ ਨੇ ਇਸ ਮੌਕੇ ਕੌਮੀ ਸਿੱਖਿਆ ਨੀਤੀ 2019 ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਰਾਹੀਂ ਹਿੰਦੀ ਤੇ ਸੰਸਕ੍ਰਿਤ ਥੋਪੀ ਜਾ ਰਹੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕੇਂਦਰ ਦੀਆਂ ਤਾਮਿਲਨਾਡੂ ’ਚ ਸਥਿਤ ਇਕਾਈਆਂ ਵਿਚ 90 ਫ਼ੀਸਦ ਭਰਤੀ ਰਾਜ ਦੇ ਨੌਜਵਾਨਾਂ ਦੀ ਹੋਣੀ ਚਾਹੀਦੀ ਹੈ ਤੇ ਪ੍ਰੀਖਿਆ/ਇੰਟਰਵਿਊ ਤਾਮਿਲ ’ਚ ਹੋਵੇ।