ਵੈਨਕੂਵਰ ‘ਚ ਸੜਕ ਹਾਦਸੇ ‘ਚ ਪੰਜਾਬੀ ਟੈਕਸੀ ਡਰਾਈਵਰ ਦੀ ਮੌਤ

0
1017

ਐਬਟਸਫੋਰਡ: ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਟੈਕਸੀ ਡਰਾਈਵਰ ਸਨੇਹਪਾਲ ਸਿੰਘ ਰੰਧਾਵਾ ਦੀ ਮੌਤ ਹੋ ਗਈ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਵੈਨਕੂਵਰ ਦੀ ਯੈਲੋ ਕੈਬ ਟੈਕਸੀ ਕੰਪਨੀ ਦਾ ੨੮ ਸਾਲਾ ਚਾਲਕ ਸਨੇਹਪਾਲ ਸਿੰਘ ਸਵਾਰੀਆਂ ਲੈ ਕੇ ਜਾ ਰਿਹਾ ਸੀ ਕਿ ਫਸਟ ਐਵੇਨਿਊ ਤੇ ਰੈਨਫਰਿਊ ਸਟਰੀਟ ਦੇ ਚੌਰਸਤੇ ‘ਤੇ ਸਮਾਰਟ ਕਾਰ ਦੇ ਡਰਾਈਵਰ ਨੇ ਸਨੇਹਪਾਲ ਦੀ ਟੈਕਸੀ ਨੂੰ ਬਰਾਬਰ ਤੋਂ ਟੱਕਰ ਮਾਰ ਦਿੱਤੀ। ਟੈਕਸੀ ਤੇ ਕਾਰ ਦੇ ਦੋਵੇਂ ਚਾਲਕਾਂ ਤੇ ਦੋ ਸਵਾਰੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਸਨੇਹਪਾਲ ਦੀ ਮੌਤ ਹੋ ਗਈ ਤੇ ਸਮਾਰਟ ਕਾਰ ਦਾ ੨੦ ਸਾਲਾ ਡਰਾਈਵਰ ਗੰਭੀਰ ਜ਼ਖ਼ਮੀ ਹਾਲਤ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਦਕਿ ਦੋਵੇਂ ਸਵਾਰੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਵੈਨਕੂਵਰ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਰਟ ਕਾਰ ਦੇ ਡਰਾਈਵਰ ਨੇ ਕਾਰ ੨ ਗੋ ਕੰਪਨੀ ਤੋਂ ਕਾਰ ਕਿਰਾਏ ‘ਤੇ ਲਈ ਸੀ ਤੇ ਉਸ ਨੇ ਪੁਲਿਸ ਵਲੋਂ ਲਾਏ ਨਾਕੇ ‘ਤੇ ਆਪਣੀ ਕਾਰ ਰੋਕਣ ਦੀ ਬਜਾਏ ਭਜਾ ਲਈ ਅਤੇ ਤੇਜ਼ੀ ਨਾਲ ਲਾਲ ਬੱਤੀ ਪਾਰ ਕਰ ਕੇ ਸਨੇਹਪਾਲ ਦੀ ਟੈਕਸੀ ਨੂੰ ਟੱਕਰ ਮਾਰ
ਦਿੱਤੀ।
ਹਾਦਸੇ ਸਮੇਂ ਸਮਾਰਟ ਕਾਰ ਦਾ ਡਰਾਈਵਰ ਸ਼ਰਾਬੀ ਸੀ। ਸਨੇਹਪਾਲ ਸਿੰਘ ਰੰਧਾਵਾ ਜ਼ਿਲ੍ਹਾ ਸੰਗਰੂਰ ਦੇ ਧੂਰੀ ਨੇੜਲੇ ਪਿੰਡ ਮੀਮਸਾ ਦੇ ਬਹਾਦਰ ਸਿੰਘ ਰੰਧਾਵਾ ਦਾ ਸਪੁੱਤਰ ਸੀ, ਉਹ ਬਹੁਤ ਹੀ ਮਿਹਨਤਕਸ਼ ਨੌਜਵਾਨ ਸੀ ਤੇ ੧੦ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ‘ਤੇ ਪੰਜਾਬ ਤੋਂ ਕੈਨੇਡਾ ਆਇਆ ਸੀ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪਿੰਡ ਮੀਮਸਾ ‘ਚ ਸੋਗ ਦੀ ਸਹਿਰ: ਕੈਨੇਡਾ ਦੇ ਵੈਨਕੂਵਰ ‘ਚ ਧੂਰੀ ਦੇ ਪਿੰਡ ਮੀਮਸਾ ਦੇ ਨੌਜਵਾਨ ਸਨੇਹਪਾਲ ਸਿੰਘ ਰੰਧਾਵਾ ਦੀ ਸੜਕ ਹਾਦਸੇ ‘ਚ ਮੌਤ ਹੋਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਸਨੇਹਪਾਲ ਵੈਟਰਨਟਰੀ ਵਿਭਾਗ ‘ਚ ਸੇਵਾਵਾਂ ਨਿਭਾਅ ਰਹੇ ਡਾ: ਬਹਾਦਰ ਸਿੰਘ ਮੀਮਸਾ ਦਾ ਬੇਟਾ ਸੀ। ਪਿੰਡ ਮੀਮਸਾ ਤੇ ਪਰਿਵਾਰ ਦੇ ਕਰੀਬੀ ਸੂਤਰਾਂ ਅਨੁਸਾਰ ਸਨੇਹਪਾਲ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ ਤੇ ਪੀ.ਆਰ. ਹੋ ਚੁੱਕਾ ਸੀ। ਸਨੇਹਪਾਲ ਪੀ.ਆਰ. ਤੋਂ ਬਾਅਦ ਪੰਜਾਬ ‘ਚੋਂ ਵਿਆਹ ਕਰਵਾ ਕੇ ਗਿਆ ਸੀ। ਇਲਾਕੇ ਦੀਆਂ ਸ਼ਖ਼ਸੀਅਤਾਂ ਤੇ ਹੋਰਾਂ ਨੇ ਇਸ ਪਰਿਵਾਰਕ ਸਦਮੇ ਨੂੰ ਬਹੁਤ ਹੀ ਦੁੱਖਦਾਈ ਦੱਸਿਆ ਹੈ।