ਕੈਨੇਡਾ ਸਰਕਾਰ ਨੇ ਪੰਜਾਬੀ ਵਿਦਿਆਰਥੀ ਜੋਬਨਜੀਤ ਨੂੰ ਕੀਤਾ ਡਿਪੋਰਟ

0
2278

ਟੋਰਾਂਟੋ: ਪਿਛਲੇ ਦਿਨੀਂ ਸੁਰਖ਼ੀਆਂ ‘ਚ ਆਏ ਪੰਜਾਬੀ ਵਿਦਿਆਰਥੀ ਜੋਬਨਜੀਤ ਸਿੰਘ ਸੰਧੂ ਨੂੰ ਆਖਰਕਾਰ ਕੈਨੇਡਾ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਦਿੱਤੇ ਹੋਏ ਨਿਰਧਾਰਿਤ ਸਮੇਂ ਤੋਂ ਵੱਧ ਕੰਮ ਕਰ ਰਿਹਾ ਸੀ।
ਦੱਸਣਯੋਗ ਹੈ ਕਿ ੨੨ ਸਾਲਾ ਜੋਬਨਜੀਤ ਸਿੰਘ ਸੰਧੂ ਕਨਾਦੌਰ ਕਾਲਜ ਮਿਸੀਸਾਗਾ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਆਇਆ ਸੀ। ਉਸ ਨੂੰ ੧੩ ਦਸੰਬਰ ੨੦੧੭ ਨੂੰ
ਟਰੱਕ ਚਲਾਉਂਦੇ ਹੋਏ ਮਾਂਟਰੀਅਲ ਤੋਂ ਟੋਰਾਂਟੋ ਆਉਂਦੇ ਹੋਏ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦਾ ਕਸੂਰ ਇਹ ਸੀ ਕਿ ਸਰਕਾਰ ਵੱਲੋਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਨਿਰਧਾਰਿਤ ਸਮੇਂ ੨੦ ਘੰਟੇ ਤੋਂ ਵੱਧ ਉਹ ਕੰਮ ਕਰ ਰਿਹਾ ਸੀ। ਉਸ ਦਾ ਕੋਰਸ ਪੂਰਾ ਹੋਣ ਵਿੱਚ ਸਿਰਫ਼ ੧੦ ਦਿਨ ਬਾਕੀ ਸਨ। ਫੜੇ ਜਾਣ ਤੋਂ ਬਾਅਦ ਸਰਕਾਰ ਨੇ ਉਸ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਦੀ ਇਜਾਜ਼ਤ ਦੇ ਦਿੱਤੀ। ਇਸ ਦੌਰਾਨ ਉਸ ਨੇ ਆਪਣੇ ਵਕੀਲਾਂ ਰਾਹੀਂ ਇੱਥੇ ਕੰਮ ਕਰਨ ਲਈ ਕੇਸ ਦਾਇਰ ਕੀਤਾ।
ਇਸੇ ਦੌਰਾਨ ਕੈਨੇਡਾ ਵਿੱਚ ਰਹਿੰਦੇ ਲਗਭਗ ੫੦ ਹਜ਼ਾਰ ਵਿਦਿਆਰਥੀਆਂ ਨੇ ਆਪਣੇ ਦਸਤਖਤਾਂ ਵਾਲੀ ਪਟੀਸ਼ਨ ਵੀ ਸਰਕਾਰ ਨੂੰ ਭੇਜੀ ਕਿ ਉਸ ਨੂੰ ਕੋਈ ਜੁਰਮਾਨਾ ਲਗਾ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਪਰ ਸਰਕਾਰ ਵੱਲੋਂ ਉਸ ਨੂੰ ੧੫ ਜੂਨ ਤੱਕ ਵਾਪਸ ਆਪਣੇ ਦੇਸ਼ ਭਾਰਤ ਪਰਤਣ ਲਈ ਕਿਹਾ ਸੀ।
ਵਾਪਸ ਭਾਰਤ ਪਰਤਣ ਵੇਲੇ ਭਾਵੁਕ ਹੋਏ ਜੋਬਨਜੀਤ ਸਿੰਘ ਸੰਧੂ ਨੇ ਕੈਨੇਡਾ ਵਿੱਚ ਰਹਿ ਰਹੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇਹ ਹੀ ਸਲਾਹ ਦਿੱਤੀ ਕਿ ਸਰਕਾਰ ਦੇ ਨਿਯਮਾਂ ਮੁਤਾਬਕ ਹੀ ਕੰਮ ਕਰਨ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਵਿਦਿਆਰਥੀ ਨਾਲ ਨਾ ਵਾਪਰੇ।