14 ਸਾਲਾ ਖੁਸ਼ਰੀਤ ਸੰਧੂ ਦੀ ਆਲਮੀ ਯੁਵਾ ਤੀਰਅੰਦਾਜ਼ੀ ਚੈਂਪੀਅਨਸ਼ਿਪ ਲਈ ਕੈਨੇਡਾ ਟੀਮ ’ਚ ਹੋਈ ਚੋਣ

0
27

ਵਿਨੀਪੈਗ ਕਬੱਡੀ ਐਸੋਸੀਏਸ਼ਨ ਵੱਲੋਂ ਉੱਭਰਦੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਦੇਸ ਪੱਧਰੀ ਜੇਤੂ ਖਿਡਾਰਨ ਦਾ ਸਨਮਾਨ ਕੀਤਾ ਗਿਆ ਹੈ। ਵਿਨੀਪੈਗ ਕਬੱਡੀ ਐਸੋਸੀਏਸ਼ਨ ਦੇ ਮੈਂਬਰ ਹਰਮੇਲ ਧਾਲੀਵਾਲ, ਚਰਨਜੀਤ ਸਿੱਧੂ, ਬਾਜ਼ ਸਿੱਧੂ, ਬੱਬੀ ਬਰਾੜ ਅਤੇ ਗੈਰੀ ਰਾਏ ਦੀ ਅਗਵਾਈ ਹੇਠ ਕਲੱਬ ਵੱਲੋਂ ਤੀਰਅੰਦਾਜ਼ੀ ਵਿਚ ਮੱਲਾਂ ਮਾਰਨ ਵਾਲੀ 14 ਸਾਲਾ ਖੁਸ਼ਰੀਤ ਕੌਰ ਸੰਧੂ ਨੂੰ $2000 ਡਾਲਰ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਕਿਹਾ ਕੇ ਖੁਸ਼ਰੀਤ ਕੌਰ ਸੰਧੂ ਦੇ ਕੋਚ ਅਤੇ ਮਾਪੇ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਲਈ ਵਧਾਈ ਦੇ ਹੱਕਦਾਰ ਹਨ। ਖੁਸ਼ਰੀਤ ਕੌਰ ਸੰਧੂ ਨੇ ਦੱਸਿਆ ਕੇ ਉਸ ਨੂੰ ਟੀਮ ਕੈਨੇਡਾ ਵੱਲੋਂ ਵਰਲਡ ਆਰਚਰੀ ਯੂਥ ਚੈਂਪੀਅਨਸ਼ਿਪ 2025 (ਤੀਰਅੰਦਾਜ਼ੀ) ਲਈ ਚੁਣਿਆ ਗਿਆ ਹੈ, ਜੋ 17 ਤੋਂ 24 ਅਗਸਤ, 2025 ਤੱਕ ਵਿਨੀਪੈਗ ਵਿੱਚ ਹੋਣੀ ਹੈ।

ਇਸ ਮੁਕਾਬਲੇ ਵਿਚ ਤਕਰੀਬਨ 60 ਤੋਂ ਵੱਧ ਦੇਸ਼ਾਂ ਦੇ ਲਗਭਗ 600 ਅਥਲੀਟ ਹਿੱਸਾ ਲੈਣਗੇ। ਕੁਆਲੀਫਿਕੇਸ਼ਨ ਰਾਊਂਡ ਗ੍ਰਾਂਟ ਪਾਰਕ ਫ਼ੀਲਡ ਵਿਖੇ ਹੋਣਗੇ ਅਤੇ ਫਾਈਨਲ ਮੁਕਾਬਲਾ ਫੋਰਕਸ ਵਿਨੀਪੈਗ ਵਿਖੇ ਹੋਣਗੇ। ਉਹ ਅੰਡਰ-18 ਵਰਗ ਵਿੱਚ ਮੁਕਾਬਲਾ ਕਰੇਗੀ, ਜੋ ਕਿ ਉਸ ਦੇ ਨੌਜਵਾਨ ਖੇਡ ਜੀਵਨ ਵਿੱਚ ਇੱਕ ਵੱਡੀ ਪ੍ਰਾਪਤੀ ਹੈ।

ਖੁਸ਼ਰੀਤ ਨੇ ਇਹ ਖੇਡ 2022 ਵਿੱਚ ਸ਼ੁਰੂ ਕੀਤੀ ਸੀ। ਉਸ ਨੇ ਹੁਣ ਤੱਕ ਸੱਤ ਗੋਲਡ ਅਤੇ ਇਕ ਸਿਲਵਰ ਮੈਡਲ ਵੱਖ ਵੱਖ ਚੈਂਪੀਅਨਸ਼ਿਪਾਂ ਵਿਚ ਜਿੱਤੇ ਹਨ। ਖੁਸ਼ਰੀਤ ਦੇ ਪਿਤਾ ਜਸਪਾਲ ਸਿੰਘ ਸੰਧੂ ਅਤੇ ਮਾਤਾ ਹਰਜਿੰਦਰ ਕੌਰ ਸੰਧੂ ਪਿੰਡ ਚੁੱਪਕੀਤੀ (ਮੋਗਾ) ਨਾਲ ਸਬੰਧਿਤ ਹਨ। ਉਹ ਸਾਲ 2018 ਵਿਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਆਏ ਸਨ, ਉਨ੍ਹਾਂ ਦੀ ਬੇਟੀ ਨੇ ਇਸ ਖੇਡ ਨੂੰ ਇੱਥੇ ਵਿਨੀਪੈਗ ਸਕੂਲ ਵਿਚ ਹੀ ਸ਼ੁਰੂ ਕੀਤਾ ਸੀ।

ਮਾਪਿਆਂ ਨੇ ਕਿਹਾ ਕੇ ਉਨ੍ਹਾਂ ਦੀ ਬੇਟੀ ਨੂੰ ਇਸ ‘ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ’ ਵਿਚ ਐਸੋਸੀਏਸ਼ਨ ਦੇ ਇਸ ਬਹੁਮੁੱਲੇ ਸਨਮਾਨ ਤੇ ਸਮਰਥਨ ਨਾਲ ਬਹੁਤ ਵਧੀਆ ਸੁਨੇਹਾ ਜਾਵੇਗਾ ਅਤੇ ਇਹ ਉਤਸ਼ਾਹ ਬਹੁਤ ਅਹਿਮ ਸਾਬਤ ਹੋਵੇਗਾ। ਉਨ੍ਹਾਂ ਕਿਹਾ, ‘‘ਅਸੀਂ ਸੱਚਮੁੱਚ ਇਸ ਦੀ ਸ਼ਲਾਘਾ ਕਰਦੇ ਹਾਂ।’’

ਕਲੱਬ ਦੇ ਮੈਂਬਰ ਬੱਬੀ ਨੇ ਕਿਹਾ ਕੇ ਅਜਿਹੇ ਨੌਜਵਾਨ ਖਿਡਾਰੀਆਂ ਦਾ ਸਨਮਾਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਅਤਿ ਜ਼ਰੂਰੀ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਤੇ ਉਨ੍ਹਾਂ ਦੀ ਤਾਕਤ ਤੇ ਜੋਸ਼ ਨੂੰ ਸਹੀ ਦਿਸ਼ਾ ਵਿਚ ਸੇਧਿਤ ਕੀਤਾ ਜਾ ਸਕੇ।