ਸਟੱਡੀ ਵੀਜ਼ਿਆਂ ਨੇ ਪੰਜਾਬ ਦੇ ਚੁੱਲ੍ਹੇ ਠੰਢੇ ਕੀਤੇ ਤੇ ਮਾਪਿਆਂ ਨੂੰ ਵਿਰਲਾਪ ਵੱਲ ਧੱਕਿਆ

0
1146

ਬਠਿੰਡਾ: ਨਰਮਾ ਪੱਟੀ ‘ਚ ‘ਸਟੱਡੀ ਵੀਜ਼ਾ’ ਘਰ ਬਾਰ ਹੂੰਝਾ ਫੇਰਨ ਲੱਗਾ ਹੈ। ਪੁੱਤਾਂ ਧੀਆਂ ਨੂੰ ਪ੍ਰਦੇਸ਼ ਭੇਜਣ ਲਈ ਸਭ ਕੁਝ ਦਾਅ ‘ਤੇ ਲੱਗਾ ਹੈ। ਮਾਵਾਂ ਦੀਆਂ ਬਾਹਾਂ ਸੁੰਨੀਆਂ, ਕੰਨ ਖਾਲੀ ਤੇ ਟਰੈਕਟਰਾਂ ਬਿਨਾਂ ਘਰ ਖਾਲੀ ਹੋਣ ਲੱਗੇ ਹਨ। ਜ਼ਮੀਨਾਂ ਦੇ ਗ੍ਰਾਹਕ ਨਹੀਂ ਲੱਭ ਰਹੇ। ਕਰਜ਼ਾ ਘਰ ਪੂਰਾ ਨਹੀਂ ਕਰ ਰਿਹਾ। ਜਹਾਜ਼ ਦੀ ਟਿਕਟ ਲਈ ਪਸ਼ੂ ਤੇ ਵਿਦੇਸ਼ੀ ਫੀਸਾਂ ਲਈ ਖੇਤੀ ਮਸ਼ੀਨਰੀ ਦਾ ਵਿਕਣਾ ਹੁਣ ਲੁਕੀ ਛਿਪੀ ਗੱਲ ਨਹੀਂ। ਪੂਰੇ ਇੱਕ ਵਰ੍ਹੇ ਤੋਂ ਇਸ ਖ਼ਿੱਤੇ ‘ਚ ਸਟੱਡੀ ਵੀਜ਼ੇ ਤੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਸਿਖਰ ਵੱਲ ਹੈ।
ਕੋਈ ਵੇਲਾ ਸੀ ਜਦੋਂ ਖੇਤੀ ਸੰਕਟ ‘ਚ ਕਿਸਾਨ ਨਵੇਂ ਟਰੈਕਟਰ ਮਿੱਟੀ ਦੇ ਭਾਅ ਵੇਚਣ ਲਈ ਮਜਬੂਰ ਸਨ। ਵਕਤ ਨੇ ਮੁੜ ਕਰਵਟ ਲਈ ਹੈ। ਪਿੰਡ ਚੱਕ ਬਖਤੂ ‘ਚ ਦੋ ਪਰਿਵਾਰਾਂ ਨੇ ਆਪਣੇ ਮੁੰਡੇ ਤੇ ਕੁੜੀ ਨੂੰ ਸਟੱਡੀ ਵੀਜ਼ੇ ‘ਤੇ ਭੇਜਣ ਲਈ ਪੂਰੀ ਖੇਤੀ ਮਸ਼ੀਨਰੀ ਤੇ ਪਸ਼ੂ ਵੇਚ ਦਿੱਤੇ। ਗਿੱਲ ਖੁਰਦ ਦੇ ਇੱਕ ਘਰ ਨੂੰ ਇਕੱਲੀ ਜ਼ਮੀਨ ਨਹੀਂ, ਟਰੈਕਟਰ ਵੀ ਵੇਚਣਾ ਪਿਆ। ਮੰਡੀ ਕਲਾਂ ‘ਚ ਇੱਕ ਘਰ ਨੇ ਫੀਸਾਂ ਲਈ ਜ਼ਮੀਨ ਵੇਚੀ। ਜਹਾਜ਼ ਦੀ ਟਿਕਟ ਲਈ ਪਸ਼ੂ ਵੇਚਣੇ ਪਏ ਹਨ। ਲਹਿਰਾ ਖਾਨਾ ਤੇ ਭੁੱਚੋ ਖੁਰਦ ਦੇ ਘਰਾਂ ‘ਚ ਮਾਵਾਂ ਨੇ ਸਾਂਭ ਸਾਂਭ ਕੇ ਰੱਖੇ ਗਹਿਣੇ ਹੁਣ ਗਿਰਵੀ ਰੱਖੇ ਹਨ।
ਭੁੱਚੋ ਮੰਡੀ ਦੇ ਨੀਟਾ ਜਵੈਲਰਜ਼ ਦੇ ਮਾਲਕ ਗੁਰਦਵਿੰਦਰ ਜੌੜਾ ਨੇ ਦੱਸਿਆ ਕਿ ਹੁਣ ਇੱਕੋ ਦਿਨ ‘ਚ ਚਾਰ-ਚਾਰ ਕੇਸ ਗਹਿਣੇ ਗਿਰਵੇ ਰੱਖਣ ਤੇ ਵੇਚਣ ਵਾਲੇ ਆਉਂਦੇ ਹਨ, ਜਿਨ੍ਹਾਂ ‘ਚੋਂ ੫੦ ਫੀਸਦੀ ਕੇਸ ਸਟੱਡੀ ਵੀਜ਼ੇ ਵਾਲੇ ਹੁੰਦੇ ਹਨ। ਪ੍ਰਾਈਵੇਟ ਫਾਈਨਾਂਸ ਕੰਪਨੀਆਂ ਕੋਲ ਗਹਿਣਿਆਂ ‘ਤੇ ਲੋਨ ਲੈਣ ਵਾਲੇ ਕੇਸ ਵਧੇ ਹਨ। ਬਰਨਾਲਾ ਦੇ ਮਿੱਤਲ ਜਵੈਲਰਜ਼ ਦੇ ਮਾਲਕ ਅਮਨ ਮਿੱਤਲ ਨੇ ਦੱਸਿਆ ਕਿ ਪਿੰਡਾਂ ਚੋਂ ਹੁਣ ਗਹਿਣੇ ਵੇਚਣ ਦਾ ਰੁਝਾਨ ਵਧਿਆ ਹੈ ਅਤੇ ਮਾਪੇ ਧੀਆਂ ਪੁੱਤਾਂ ਨੂੰ ਵਿਦੇਸ਼ ਭੇਜਣ ਖਾਤਰ ਕੰਨਾਂ ਦਾ ਸੋਨਾ ਵੀ ਵੇਚ ਰਹੇ ਹਨ। ਇਸੇ ਤਰ੍ਹਾਂ ਗਿੱਦੜਬਾਹਾ ਦੇ ਮੇਨ ਜਵੈਲਰਜ਼ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਹਰ ਮਹੀਨੇ ਅੱਠ ਤੋਂ ਦਸ ਕੇਸ ਏਦਾਂ ਦੇ ਆਉਣ ਲੱਗੇ ਹਨ।
ਤਲਵੰਡੀ ਸਾਬੋ, ਬਰਨਾਲਾ, ਮੋਗਾ, ਜ਼ੀਰਾ, ਮਲੋਟ ਤੇ ਕੋਟਕਪੂਰਾ ‘ਚ ਟਰੈਕਟਰ ਮੰਡੀਆਂ ਲੱਗਦੀਆਂ ਹਨ। ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਟਰੈਕਟਰ ਵੀ ਵੇਚ ਰਹੇ ਹਨ। ਹਰ ਹਫਤੇ ਸੱਤ ਕਿਸਾਨ ਨਵੇਂ ਟਰੈਕਟਰ ਵੇਚਣ ਆਉਂਦੇ ਹਨ, ਜਿਨ੍ਹਾਂ ਨੇ ਆਪਣੇ ਬੱਚੇ ਵਿਦੇਸ਼ ਭੇਜਣੇ ਹੁੰਦੇ ਹਨ।
ਮਾਲਵੇ ਵਿਚ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਦਾ ਰੁਝਾਨ ਇਕਦਮ ਤੇਜ਼ ਹੋਇਆ ਹੈ। ਰੁਜ਼ਗਾਰ ਦੀ ਕਮੀ ਤੇ ‘ਚਿੱਟੇ’ ਦੇ ਧੂੰਏਂ ਤੋਂ ਬਚਾਓ ਲਈ ਮਾਪੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਰਾਹ ਪਏ ਹਨ, ਚਾਹੇ ਕਿੰਨੇ ਵੀ ਪਾਪੜ ਕਿਉਂ ਨਾ ਵੇਲਣੇ ਪੈਣ।
ਮਜਬੂਰੀ ਦਾ ਸਿਰਾ ਹੈ ਕਿ ਮਾਪੇ ਦੁਧਾਰੂ ਪਸ਼ੂ ਵੀ ਵੇਚਣ ਦੇ ਰਾਹ ਪੈ ਰਹੇ ਹਨ। ਪਸ਼ੂ ਮੇਲਿਆਂ ਵਿਚ ੬੦ ਫੀਸਦੀ ਪਸ਼ੂ ਮਜਬੂਰੀ ਦੇ ਭੰਨੇ ਵੇਚ ਰਹੇ ਹਨ, ਜਿਨ੍ਹਾਂ ਵਿਚ ਸਟੱਡੀ ਵੀਜ਼ੇ ਵਾਲੇ ਵੀ ਸ਼ਾਮਲ ਹਨ। ਜ਼ਮੀਨ ਗਿਰਵੀ ਕਰਨ ਮਗਰੋਂ ਬਹੁਤੇ ਕਿਸਾਨ ਉਸੇ ਜ਼ਮੀਨ ਨੂੰ ਠੇਕੇ ‘ਤੇ ਵਾਹੁਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਮਾਜ ‘ਚ ਪਰਦਾ ਵੀ ਰਹਿ ਜਾਂਦਾ ਹੈ। ਇਕੱਲਾ ਵਿਦੇਸ਼ ਵਿਚ ਸਰਮਾਇਆ ਹੀ ਨਹੀਂ ਜਾ ਰਿਹਾ, ਪਿੱਛੇ ਘਰ ਵੀ ਖਾਲੀ ਹੋ ਰਹੇ ਹਨ। ਮਾਪਿਆਂ ਕੋਲ ਇਕੱਲੀਆਂ ਉਮੀਦਾਂ ਬਚੀਆਂ ਹਨ।