ਪੀਐਮ ਕੇਅਰ ਫੰਡ ਦੇ ਨਾਂਅ ‘ਤੇ ਫਰਜ਼ੀ ਵੈੱਬਸਾਈਟ ਬਣਾ ਕੇ ਉਡਾਏ 51 ਲੱਖ ਰੁਪਏ, 2 ਗ੍ਰਿਫ਼ਤਾਰ

0
1474

ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦੇਸ਼ ਭਰ ਵਿਚ ਲੌਕਡਾਊਨ ਕੀਤਾ ਹੋਇਆ ਹੈ। ਇਸ ਜੰਗ ਖਿਲਾਫ ਲੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੀਐਮ ਕੇਅਰ ਫੰਡ ਬਣਾਇਆ ਗਿਆ ਹੈ। ਇਸ ਵਿਚ ਲੋਕਾਂ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ ਹੈ। ਵੱਡੀਆਂ-ਵੱਡੀਆਂ ਸੰਸਥਾਵਾਂ ਦੇ ਆਮ ਲੋਕ ਵੀ ਇਸ ਫੰਡ ਵਿਚ ਰਾਸ਼ੀ ਭੇਜ ਰਹੇ ਹਨ।
ਝਾਰਖੰਡ ਦੇ ਹਜ਼ਾਰੀਬਾਗ ਵਿਚ ਨੌਜਵਾਨਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ 51 ਲੱਖ ਰੁਪਏ ਉਡਾ ਦਿੱਤੇ। ਨੌਜਵਾਨਾਂ ਨੇ ਪੀਐਮ ਕੇਅਰ ਫੰਡ ਨਾਂਅ ਦੀ ਫਰਜ਼ੀ ਵੈੱਬਸਾਈਟ ਬਣਾ ਕੇ ਉਸ ਵਿਚ ਦੋ ਬੈਂਕਾਂ ਦੇ ਅਕਾਊਂਟ ਨੰਬਰ ਵੀ ਦਿੱਤੇ। ਕੋਰੋਨਾ ਵਾਇਰਸ ਨਾਲ ਜੰਗ ਲਈ ਇਹਨਾਂ ਦੋ ਬੈਂਕ ਖਾਤਿਆਂ ਵਿਚ ਲੱਖਾਂ ਰੁਪਏ ਆਏ ਅਤੇ ਉਹਨਾਂ ਦੀ ਨਿਕਾਸੀ ਕਰ ਲਈ ਗਈ।
ਬਾਅਦ ਵਿਚ ਜਦੋਂ ਮਾਮਲੇ ਦਾ ਖ਼ੁਲਾਸਾ ਹੋਇਆ, ਤਾਂ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਤਾਬਕ ਇਸ ਮਾਮਲੇ ਦਾ ਮਾਸਟਰ ਮਾਇੰਡ ਕੋਈ ਤੀਜਾ ਵਿਅਕਤੀ ਹੈ, ਜਿਸ ਦੀ ਤਲਾਸ਼ ਜਾਰੀ ਹੈ। ਇਹ ਮਾਮਲਾ ਹਜ਼ਾਰੀਬਾਗ ਦੇ ਦੋ ਬੈਂਕਾਂ-ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਨਾਲ ਜੁੜਿਆ ਹੋਇਆ ਹੈ। ਦੋਵੇਂ ਬੈਂਕਾਂ ਦੇ ਮੈਨੇਜਰ ਨੇ ਜਦੋਂ ਇਸ ਸਬੰਧੀ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਿਸ ਨੂੰ ਇਸ ਬਾਰੇ ਪਤਾ ਚੱਲਿਆ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਇਸ ਧੋਖਾਧੜੀ ਵਿਚ ਸ਼ਾਮਲ ਦੋ ਭਰਾਵਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸਬੰਧੀ ਡੀਐਸਪੀ ਕਮਲ ਕਿਸ਼ੋਰ ਨੇ ਦੱਸਿਆ ਕਿ ਫਰਜ਼ੀ ਵੈੱਬਸਾਈਟ ਬਣਾਉਣ ਵਾਲੇ ਨੌਜਵਾਨਾਂ ਕੋਲੋਂ ਚੈੱਕਬੁੱਕ, ਪਾਸਬੁੱਕ ਅਤੇ ਏਟੀਐਮ ਬਰਾਮਦ ਕੀਤੇ ਗਏ ਹਨ।