ਮਹਾਮਾਰੀ ਸੰਕਟ ‘ਚੋਂ ਸਾਦਗੀ ਨਾਲ ਜ਼ਿੰਦਗੀ ਜਿਊਣੀ ਸਿੱਖਾਂਗੇ: ਧਰਮਿੰਦਰ

0
1090

ਮੁੰਬਈ: ਬਜ਼ੁਰਗ ਅਦਾਕਾਰ ਧਰਮਿੰਦਰ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਮਹਾਮਾਰੀ ‘ਚੋਂ ਜੇ ਅਸੀਂ ਕੋਈ ਸਿੱਖਿਆ ਲੈਣੀ ਹੈ ਤਾਂ ਬੇਸ਼ੱਕ ਸਾਨੂੰ ਸਾਧਾਰਨ ਜ਼ਿੰਦਗੀ ਜਿਊਣ ਦਾ ਮਹੱਤਵ ਸਮਝਣਾ ਚਾਹੀਦਾ ਹੈ। ਧਰਮਿੰਦਰ (੮੪) ਨੇ ਕਿਹਾ ਕਿ ਲੌਕਡਾਊਨ ਨੂੰ ‘ਸਕਾਰਾਤਮਕ’ ਢੰਗ ਨਾਲ ਲੈਣਾ ਚਾਹੀਦਾ ਹੈ। ਇਸ ਕਾਰਨ ਪ੍ਰਦੂਸ਼ਣ ਵਿਚ ਕਮੀ ਆਈ ਹੈ, ਹਵਾ ਤੇ ਆਸਮਾਨ ਸਾਫ਼ ਹੈ, ਸਭ ਕੁਝ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ। ਅਦਾਕਾਰ ਨੇ ਕਿਹਾ ‘ਇਹ ਮੈਨੂੰ ਉਹ ਪੁਰਾਣਾ ਵੇਲਾ ਯਾਦ ਕਰਵਾਉਂਦਾ ਹੈ। ਮੈਂ ਉਸੇ ਢੰਗ ਨਾਲ ਜ਼ਿੰਦਗੀ ਜਿਊਂ ਰਿਹਾ ਹਾਂ ਤੇ ਖ਼ੁਸ਼ ਹਾਂ।’ ਧਰਮਿੰਦਰ ਨੇ ਕਿਹਾ ਕਿ ਉਹ ਸ਼ਹਿਰ ਉਦੋਂ ਹੀ ਆਉਂਦੇ ਹਨ ਜਦ ਕੰਮ (ਫ਼ਿਲਮਾਂ ਨਾਲ ਸਬੰਧਤ) ਹੁੰਦਾ ਹੈ, ਨਹੀਂ ਤਾਂ ਫਾਰਮ ਹਾਊਸ ਵਿਚ ਹੀ ਰਹਿੰਦੇ ਹਨ। ਧਰਮਿੰਦਰ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਦਾ ਜਨਮ ਦੂਜਿਆਂ ਨੂੰ ਖ਼ੁਸ਼ੀ ਦੇਣ, ਮਨੋਰੰਜਨ ਕਰਨ ਤੇ ਉਤਸ਼ਾਹਿਤ ਕਰਨ ਲਈ ਹੋਇਆ ਹੈ। ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਹਾਮਾਰੀ ਮਨੁੱਖੀ ਕਰਮਾਂ ਦਾ ਫ਼ਲ ਹੈ ਤੇ ਹੁਣ ਇਸ ਸੰਕਟ ‘ਚੋਂ ਨਿਕਲਣ ਦਾ ਇਕੋ-ਇਕ ਰਾਹ ਕੁਦਰਤ ਮੁਤਾਬਕ ਚੱਲਣਾ ਹੈ।
ਅਦਾਕਾਰ ਨੇ ਕਿਹਾ ਕਿ ਕੁਦਰਤ ਨੇ ਮਨੁੱਖ ਨੂੰ ਕਰਾਰੀ ਸੱਟ ਮਾਰੀ ਹੈ। ਸਾਨੂੰ ਕੁਦਰਤ ਨਾਲ ਮੋਹ ਪਾਲਣ ਤੇ ਇਸ ਦੀ ਸੰਭਾਲ ਦੀ ਲੋੜ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕ ਹੁਣ ਗ਼ੈਰਜ਼ਰੂਰੀ ਚੀਜ਼ਾਂ ਤੋਂ ਮੂੰਹ ਮੋੜਨਗੇ, ਲਾਲਚ ਤਿਆਗਣਗੇ ਅਤੇ ਜੋ ਹੈ, ਉਸ ਵਿਚ ਖ਼ੁਸ਼ੀ ਭਾਲਣਗੇ। ਉਨ੍ਹਾਂ ਅਦਾਕਾਰ ਇਰਫ਼ਾਨ ਖ਼ਾਨ ਤੇ ਰਿਸ਼ੀ ਕਪੂਰ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ।