ਪ੍ਰੀਮੀਅਰ ਵੱਲੋਂ ਸੁਰੱਖਿਅਤ ਢੰਗ ਨਾਲ ਬੀ ਸੀ ਵਿੱਚ ਮੁੜ ਕੰਮਕਾਰ ਆਰੰਭ ਕਰਨ ਦੀ ਯੋਜਨਾ ਦਾ ਖ਼ਾਕਾ ਪੇਸ਼

0
925

ਵਿਕਟੋਰੀਆ- ਪ੍ਰੀਮੀਅਰ ਜੌਨ ਹੋਰਗਨ ਵੱਲੋਂ ਐਲਾਨ ਕੀਤੀ ਯੋਜਨਾ ਅਨੁਸਾਰ ਮਈ ਦੇ ਅੱਧ ਵਿੱਚ, ਬ੍ਰਿਟਿਸ਼ ਕੋਲੰਬੀਆ ਨਿਵਾਸੀ ਸੁਰੱਖਿਅਤ ਢੰਗ ਨਾਲ ਸੂਬੇ ਵਿੱਚ ਕੰਮਕਾਰ ਮੁੜ ਸ਼ੁਰੂ ਕਰਦਿਆਂ ਅਗਾਂਹ ਕਦਮ ਵਧਾਉਣਗੇ।
ਬੀ ਸੀ ਦੀ ਰੀਸਟਾਰਟ ਪਲੈਨ (ਮੁੜ ਚਾਲੂ ਕਰਨ ਦੀ ਯੋਜਨਾ) ਅਧੀਨ, ਸਰਕਾਰ ਜਨਤਕ ਸਿਹਤ ਅਧਿਕਾਰੀਆਂ, ਕਾਰੋਬਾਰਾਂ ਅਤੇ ਮਜ਼ਦੂਰ ਸੰਸਥਾਵਾਂ ਨਾਲ ਨਜ਼ਦੀਕ ਤੋਂ ਕੰਮ ਕਰੇਗੀ ਤਾਂ ਕਿ ਪੜਾਅਵਾਰ ਢੰਗ ਨਾਲ ਪਾਬੰਦੀਆਂ ਚੁੱਕੀਆਂ ਜਾ ਸਕਣ, ਜਿਸ ਨਾਲ ਵਧੇਰੇ ਸਮਾਜਕ ਅਤੇ ਆਰਥਕ ਗਤੀਵਿਧੀ ਹੋ ਸਕੇ, ਜਦ ਕਿ ਲੋਕਾਂ ਲਈ ਖ਼ਤਰੇ ਨੂੰ ਘੱਟ ਤੋਂ ਘੱਟ ਰੱਖਣ ਲਈ ਸਿਹਤ ਸਬੰਧੀ ਜਾਣਕਾਰੀ ‘ਤੇ ਨਜ਼ਰ ਰੱਖੀ ਜਾਏਗੀ।
“ਸਾਡੀ ਯੋਜਨਾ ਸੁਰੱਖਿਆ ਨੂੰ ਸਭ ਤੋਂ ਵੱਧ ਪਹਿਲ ਦਿੰਦੀ ਹੈ। ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਨੇ ਹੁਣ ਤੱਕ ਬਹੁਤ ਵੱਡੇ ਤਿਆਗ ਕੀਤੇ ਹਨ, ਅਤੇ ਇਹ ਉਨ੍ਹਾਂ ਦੀ ਬਦੌਲਤ ਹੈ ਕਿ ਅਸੀਂ ਕੁਝ ਪਾਬੰਦੀਆਂ ਚੁੱਕਣਾ ਸ਼ੁਰੂ ਕਰ ਸਕੇ ਹਾਂ,” ਹੋਰਗਨ ਨੇ ਕਿਹਾ, “ਜਿਵੇਂ ਜਿਵੇਂ ਪ੍ਰਮਾਣ ਅਤੇ ਮਾਹਰ ਸਾਨੂੰ ਇਹ ਸੂਚਿਤ ਕਰਨਗੇ ਕਿ ਅਜਿਹਾ ਕਰਨਾ ਮੁਨਾਸਬ ਹੈ, ਅਸੀਂ ਗਤੀਵਿਧੀਆਂ ਨੂੰ ਮੁੜ ਚਾਲੂ ਹੋਣ ਦਿਆਂਗੇ। ਧਿਆਨ ਨਾਲ ਅਤੇ ਸੋਚ ਸਮਝ ਕੇ ਚਲਦਿਆਂ, ਅਸੀਂ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੀ ਇੱਕ ‘ਨਵੀਂ ਸਾਧਾਰਣ ਸਥਿਤੀ’ ਤੱਕ ਪਹੁੰਚਣ ਵਿੱਚ ਮਦਦ ਕਰਾਂਗੇ, ਜਿੱਥੇ ਸਾਡੀ ਹੋਰ ਵਧੇਰੇ ਸਮਾਜਕ ਅਤੇ ਆਰਥਕ ਜ਼ਿੰਦਗੀ ਮੁੜ ਚਾਲੂ ਹੋ ਸਕੇ।”
ਬੀ ਸੀ ਵਿੱਚ ਆਰਥਕ ਗਤੀਵਿਧੀ ਦਾ ਮੁੜ ਚਾਲੂ ਹੋਣਾ ਹੋਰਨਾਂ ਅਧਿਕਾਰ ਖੇਤਰਾਂ ਨਾਲੋਂ ਵੱਖਰਾ ਦਿਖਾਈ ਦੇਵੇਗਾ, ਕਿਉਂਕਿ ਪਬਲਿਕ ਹੈੱਲਥ ਆਰਡਰ (ਜਨਤਕ ਸਿਹਤ ਹੁਕਮ) ਰਾਹੀਂ ਸੂਬੇ ਵਿੱਚ ਬਹੁਤ ਥੋੜ੍ਹੀ ਗਿਣਤੀ ਵਿੱਚ ਖੇਤਰ ਬੰਦ ਕੀਤੇ ਗਏ ਸਨ। ਬਹੁਤ ਸਾਰੇ ਸੂਬੇ ਸੁਰੱਖਿਅਤ ਕੰਮਕਾਰ ਦੇ ਉਸ ਪੱਧਰ ਤੱਕ ਹੁਣੇ ਹੁਣੇ ਪਹੁੰਚ ਰਹੇ ਹਨ ਜਿਸ ਨੂੰ ਬੀ ਸੀ ਇਸ ਵਿਸ਼ਵ-ਵਿਆਪੀ ਮਹਾਮਾਰੀ ਦੇ ਪੂਰੇ ਸਮੇਂ ਦੌਰਾਨ ਬਰਕਰਾਰ ਰੱਖ ਸਕਿਆ ਹੈ।
ਮੌਜੂਦਾ ਸਮੇਂ ਬੀ ਸੀ ਰੀਸਟਾਰਟ ਪਲੈਨ ਦੇ ਪੜਾਅ ੧ ‘ਤੇ ਹੈ। ਪੜਾਅ ੨, ਜੋ ਮਈ ਦੇ ਅੱਧ ਵਿੱਚ ਸ਼ੁਰੂ ਹੋਵੇਗਾ, ਵਿੱਚ ਸ਼ਾਮਲ ਹਨ:
* ਛੋਟੇ ਸਮਾਜਕ ਇਕੱਠ;
* ਇਲੈਕਟਿਵ ਉਪ੍ਰੇਸ਼ਨ ਅਤੇ ਨਿਯਮਤ ਸਿਹਤ ਸੇਵਾਵਾਂ ਜਿਵੇਂ ਕਿ ਫ਼ਿਜ਼ੀਉਥੈਰੇਪੀ, ਦੰਦਾਂ ਦਾ ਇਲਾਜ, ਕਾਇਰੋਪ੍ਰੈਕਟਰ ਅਤੇ ਇਨ-ਪਰਸਨ ਕਾਉਂਸਲਿੰਗ ਦਾ ਮੁੜ ਚਾਲੂ ਹੋਣਾ;
* ਦਿਨੇ ਵਰਤੋਂ ਲਈ ਸੂਬਾਈ ਪਾਰਕਾਂ ਦਾ ਖੁੱਲ੍ਹਣਾ
* ਕੰਮਕਾਰ ਦੀਆਂ ਸੁਰੱਖਿਅਤ ਯੋਜਨਾਵਾਂ ਦੇ ਮੁਤਾਬਕ ਹੋਰ ਗ਼ੈਰ-ਜ਼ਰੂਰੀ ਕਾਰੋਬਾਰਾਂ ਦਾ ਖੁੱਲ੍ਹਣਾ;
* ਬਾਕਾਇਦਾ ਬੈਠਕਾਂ ਲਈ ਸੂਬਾਈ ਵਿਧਾਨ ਸਭਾ ਨੂੰ ਫੇਰ ਤੋਂ ਸੱਦਣਾ।

ਜ਼ਰੂਰੀ ਕਾਰੋਬਾਰ, ਜੋ ਮਹਾਮਾਰੀ ਦੌਰਾਨ ਖੁੱਲ੍ਹੇ ਰਹੇ ਹਨ, ਨੇ ਹੁਣ ਤੱਕ, ਵਰਕਸੇਫ਼ ਬੀ ਸੀ ਦੀ ਸਹਾਇਤਾ ਨਾਲ ਸੁਰੱਖਿਅਤ ਢੰਗ ਨਾਲ ਅਜਿਹਾ ਕੀਤਾ ਹੈ। ਸਰਕਾਰ ਇਸ ਸਫ਼ਲ ਤਜਰਬੇ ਨੂੰ ਅਧਾਰ ਬਣਾ ਕੇ ਸਾਰੇ ਕਾਰੋਬਾਰਾਂ ਦੀ ਸਹਾਇਤਾ ਕਰੇਗੀ ਜਦੋਂ ਉਹ ਕਾਮਯਾਬੀ ਨਾਲ ਕੰਮਕਾਰ ਮੁੜ ਚਾਲੂ ਕਰਨ ਲਈ ਕਦਮ ਚੁੱਕਣਗੇ। ਜਿਨ੍ਹਾਂ ਖੇਤਰਾਂ ਨੂੰ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਸੀ, ਨੂੰ ਸੁਰੱਖਿਅਤ ਢੰਗ ਨਾਲ ਕੰਮਕਾਰ ਮੁੜ ਚਾਲੂ ਕਰਨ ਲਈ ਯੋਜਨਾਵਾਂ ਬਣਾਉਣ ਲਈ ਵਰਕਸੇਫ਼ ਬੀ ਸੀ ਨਾਲ ਕੰਮ ਕਰਨ ਲਈ ਕਿਹਾ ਜਾਵੇਗਾ। ਵਰਕਸੇਫ਼ ਬੀ ਸੀ ਉਦਯੋਗ-ਵਿਸ਼ੇਸ਼ ਦਿਸ਼ਾਨਿਰਦੇਸ਼ ਵਿਕਸਤ ਕਰ ਰਿਹਾ ਹੈ ਤਾਂ ਕਿ ਕਾਮਿਆਂ ਅਤੇ ਗਾਹਕਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਲਿਆਉਣ ਲਈ ਰੁਜ਼ਗਾਰ ਪ੍ਰਦਾਨਕਰਤਾਵਾਂ ਨੂੰ ਮਦਦ ਦਿੱਤੀ ਜਾ ਸਕੇ। ਹਰੇਕ ਕਾਰੋਬਾਰ ਜੋ ਕੰਮਕਾਰ ਮੁੜ ਚਾਲੂ ਕਰ ਰਿਹਾ ਹੈ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ ਕਿ ਅਜਿਹਾ ਕਰਨ ਲਈ ਸੂਬਾਈ ਸਿਹਤ ਅਫ਼ਸਰ ਦੇ ਹੁਕਮਾਂ ਦੀ ਪਾਲਣਾ ਹੋਵੇ ਅਤੇ ਇਹ ਵਰਕਸੇਫ਼ ਬੀ ਸੀ ਵੱਲੋਂ ਦਿੱਤੇ ਗਏ ਕਿੱਤਾਮੁਖੀ ਸਿਹਤ ਅਤੇ ਸੁਰੱਖਿਆ ਦਿਸ਼ਾਨਿਰਦੇਸ਼ਾਂ ਦੇ ਅਨੁਸਾਰ ਹੋਵੇ।
ਪੜਾਅ ੩, ਜਿਸ ਵਿੱਚ ਹੋਰ ਵਾਧੂ ਕਾਰੋਬਾਰ ਅਤੇ ਸੇਵਾਵਾਂ ਦਾ ਖੁੱਲ੍ਹਣਾ ਸ਼ਾਮਲ ਹੋਵੇਗਾ, ਦੀ ਤਾਰੀਖ਼ ਦਾ ਟੀਚਾ ਜੂਨ ਅਤੇ ਸਤੰਬਰ ੨੦੨੦ ਦਰਮਿਆਨ ਹੈ, ਜੇਕਰ ਸੰਚਾਰਣ ਦੀ ਦਰ ਘੱਟ ਰਹਿੰਦੀ ਹੈ ਜਾਂ ਘਟਦੀ ਜਾਂਦੀ ਹੈ।
ਪੜਾਅ ੪ ਤਾਂ ਹੀ ਹਾਸਲ ਕੀਤਾ ਜਾ ਸਕੇਗਾ ਜਦੋਂ ਬਹੁਤ ਵੱਡੇ ਪੱਧਰ ‘ਤੇ ਟੀਕਾਕਰਣ, ਵਿਆਪਕ ਸਫ਼ਲ ਇਲਾਜ, ਭਾਈਚਾਰਕ ਰੋਗ ਪ੍ਰਤੀਰੱਖਿਆ ਜਾਂ ਉਸ ਦੇ ਸਮਾਨ ਸਥਿਤੀ ਦੇ ਪ੍ਰਮਾਣ ਰਾਹੀਂ ਕੋਵਿਡ-੧੯ ਦਾ ਖ਼ਤਰਾ ਬਹੁਤ ਵੱਡੀ ਹੱਦ ਤੱਕ ਘਟ ਜਾਏਗਾ।
ਜ਼ਿਆਦਾਤਰ ਸੂਬਾਈ ਪਾਰਕ, ੧੪ ਮਈ ਤੋਂ, ਸਿਰਫ਼ ਦਿਨੇ ਵਰਤੋਂ ਲਈ ਖੁੱਲ੍ਹ ਜਾਣਗੇ। ਬਾਕੀ ਬਚਦੀਆਂ ਬਹੁਤ ਸਾਰੀਆਂ ਸਹੂਲਤਾਂ, ਜਿਨ੍ਹਾਂ ਵਿੱਚ ਕੈਂਪਗਰਾਊਂਡ ਵੀ ਸ਼ਾਮਲ ਹਨ, ੧ ਜੂਨ ਨੂੰ ਦੁਬਾਰਾ ਤੋਂ ਖੁੱਲ੍ਹ ਜਾਣਗੀਆਂ। ਪਾਰਕਾਂ ਦੀ ਉਹ ਛੋਟੀ ਜਿਹੀ ਗਿਣਤੀ ਜਿੱਥੇ ਵੱਡੀਆਂ ਭੀੜਾਂ ਇਕੱਠੀਆਂ ਹੁੰਦੀਆਂ ਹਨ ਜਾਂ ਜਿੱਥੇ ਪਾਰਕਾਂ ਦੇ ਦੁਬਾਰਾ ਖੁੱਲ੍ਹਣ ਨਾਲ ਨੇੜਲੇ ਭਾਈਚਾਰਿਆਂ ਦੀ ਸਿਹਤ ਲਈ ਖ਼ਤਰਾ ਪੈਦਾ ਹੁੰਦਾ ਹੈ, ਉਹ ਬੰਦ ਰਹਿਣਗੇ।
ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਲਈ ਸਾਫ਼-ਸਫ਼ਾਈ ਰੱਖਣ ‘ਤੇ ਬਹੁਤ ਮਜ਼ਬੂਤੀ ਨਾਲ ਜ਼ੋਰ ਦਿੱਤਾ ਜਾਂਦਾ ਹੈ, ਜਿਸ ਵਿੱਚ ਹੱਥ ਧੋਣਾ, ਸਰੀਰਕ ਦੂਰੀ ਰੱਖਣਾ ਅਤੇ ਜੇ ਤੁਸੀਂ ਬੀਮਾਰ ਹੋ, ਤਾਂ ਘਰ ਰਹਿਣਾ ਸ਼ਾਮਲ ਹੈ, ਜੋ ਯੋਜਨਾ ਦੇ ਹਰ ਪੜਾਅ ਦੀ ਸਫ਼ਲਤਾ ਲਈ ਬੇਹੱਦ ਜ਼ਰੂਰੀ ਹੋਵੇਗਾ।
ਭਾਵੇਂ ਬੀ ਸੀ ਕੋਲ ਪਹਿਲਾਂ ਹੀ ਟੈੱਸਟ ਕਰਨ ਅਤੇ ਸੰਕ੍ਰਮਿਤਾਂ ਦਾ ਪਤਾ ਲਾਉਣ ਦੀ ਮੁਨਾਸਬ ਸਮਰੱਥਾ ਹੈ, ਪਰ ਇਨ੍ਹਾਂ ਵਿੱਚ ਵਾਧਾ ਕਰਦੇ ਰਹਿਣ ਨਾਲ, ਸਰਕਾਰ ਕੋਵਿਡ-੧੯ ਦੇ ਮਾਮਲਿਆਂ ਦੀ ਗਿਣਤੀ ਵਿੱਚ ਆਉਣ ਵਾਲੇ ਕਿਸੇ ਉਛਾਲ ਦਾ ਪਤਾ ਲਾ ਸਕੇਗੀ ਅਤੇ ਉਨ੍ਹਾਂ ਦਾ ਹੱਲ ਕਰ ਸਕੇਗੀ। ਇਸ ਪਹੁੰਚ ਨਾਲ ਜਨਤਕ ਸੁਰੱਖਿਆ ਅਤੇ ਭਰੋਸੇ ਨੂੰ ਸਹਾਰਾ ਮਿਲੇਗਾ।
“ਅੱਜ, ਅਸੀਂ ਹੌਲੀ ਹੌਲੀ ਅਤੇ ਸੁਰੱਖਿਅਤ ਢੰਗ ਨਾਲ ਕੰਮਕਾਰ ਮੁੜ ਚਾਲੂ ਕਰਨ ਦੀ ਆਪਣੀ ਯੋਜਨਾ ਸਾਹਮਣੇ ਲਿਆਂਦੀ ਹੈ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਸੰਚਾਰਣ ਦੇ ਕਰਵ ਨੂੰ ਪੱਧਰਾ ਕਰਨਾ ਜਾਰੀ ਰੱਖ ਸਕੀਏ,” ਪ੍ਰੀਮੀਅਰ ਹੋਰਗਨ ਨੇ ਕਿਹਾ, “ਹਾਲੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ। ਪਰ ਇਕੱਠੇ ਮਿਲ ਕੇ ਕੰਮ ਕਰਨ ਨਾਲ ਅਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਨਾਲ ਅਸੀਂ ਇਸ ਮਹਾਮਾਰੀ ਵਿੱਚੋਂ ਗੁਜ਼ਰ ਕੇ ਬਿਹਤਰ ਸਮੇਂ ਵਿੱਚ ਜਾ ਸਕਾਂਗੇ।”