ਕੈਨੇਡਾ ‘ਚ ਹਵਾਈ ਸਫ਼ਰ ਮੁੜ ਬਹਾਲ ਕੀਤੇ ਜਾਣ ਦੀ ਤਿਆਰੀ

0
904

ਟੋਰਾਂਟੋ: ਕੈਨੇਡਾ ‘ਚ ਕੋਰੋਨਾ ਵਾਇਰਸ ਦਾ ਪ੍ਰਭਾਵ ਘਟਣ ਮਗਰੋਂ ਹੁਣ ਹਵਾਈ ਸਫਰ ਨੂੰ ਮੁੜ ਬਹਾਲ ਕੀਤੇ ਜਾਣ ਦੀਆਂ ਤਿਆਰੀਆਂ ਜਾਰੀ ਹਨ। ਏਅਰ ਕੈਨੇਡਾ ਦੇ ਅਧਿਕਾਰੀਆਂ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਘਰੇਲੂ, ਉੱਤਰੀ ਅਮਰੀਕਾ ਅਤੇ ਯੂਰਪ ਤੱਕ ਉਡਾਣਾਂ ਬਹਾਲ ਕਰਨ ਦੀ ਮੰਗ ਕੀਤੀ ਹੈ। ਅਜਿਹੇ ‘ਚ ਭਾਰਤ ਦੇ ਲੋਕਾਂ ਵਾਸਤੇ ਯੂਰਪ ਰਸਤੇ ਅਮਰੀਕਾ ਤੇ ਕੈਨੇਡਾ ਪੁੱਜਣਾ ਆਸਾਨ ਹੋ ਸਕਦਾ ਹੈ। ਇਹ ਵੀ ਕਿ ਜੁਲਾਈ ਮਹੀਨੇ ਤੋਂ ਏਅਰ ਕੈਨੇਡਾ ਅਤੇ ਵੈਸਟਜੈਟ ਹਵਾਈ ਕੰਪਨੀਆਂ ਵਲੋਂ ਕੈਨੇਡਾ ਅਤੇ ਅਮਰੀਕਾ ਦੇ ਸ਼ਹਿਰਾਂ ਨੂੰ ਉਡਾਣਾਂ ਵਧਾਏ ਜਾਣ ਦਾ ਪ੍ਰੋਗਰਾਮ ਤਿਆਰ ਕਰ ਲਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਦੇਸ਼ ਨੂੰ ਮੁੜ ਖੋਲ੍ਹਣ ਲਈ ਬਹੁਤ ਸਾਵਧਾਨੀ ਨਾਲ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਵਾਈ ਸਫਰ ਕਰਨ ਵਾਲੇ ਮੁਸਾਫਿਰਾਂ ਦੀ ਸੁਰੱਖਿਆ ਤੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਦੇਸ਼ ਦੇ ਹਵਾਈ ਅੱਡਿਆਂ ਅੰਦਰ ਸਿਹਤ ਦੀ ਜਾਂਚ ਵਧਾਈ ਜਾ ਰਹੀ ਹੈ। ਕੈਨੇਡਾ ਦੇ ਆਵਾਜਾਈ ਮੰਤਰੀ ਮਾਰਕ ਗਾਰਨੋ ਨੇ ਦੱਸਿਆ ਕਿ ਜੂਨ ਦੇ ਅਖੀਰ ਤੱਕ ਟੋਰਾਂਟੋ, ਕੈਲਗਰੀ, ਮਾਂਟਰੀਅਲ ਅਤੇ ਵੈਨਕੂਵਰ ਹਵਾਈ ਅੱਡਿਆਂ ‘ਤੇ ਸਿਹਤ ਸਬੰਧੀ ਪ੍ਰਬੰਧ ਮੁਕੰਮਲ ਹੋ ਜਾਣਗੇ। ਇਸ ਦੌਰਾਨ ਕੈਨੇਡਾ ਸਰਕਾਰ ਨੇ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਗ਼ੈਰ-ਜ਼ਰੂਰੀ ਚੀਜ਼ਾਂ ਲਈ ਬੰਦ ਰੱਖਣ ਦੇ ਫੈਸਲੇ ਨੂੰ ੨੧ ਜੁਲਾਈ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।