ਕਿਸਾਨਾਂ ਨੇ ਕੇਂਦਰ ਵੱਲੋਂ ਦਿੱਤਾ ਗੱਲਬਾਤ ਦਾ ਸੱਦਾ ਰੱਦ ਕੀਤਾ

0
1672

ਮਾਨਸਾ: ਪੰਜਾਬ ਦੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਵਿਧਾਨ ਸਭਾ ਦਾ 15 ਅਕਤੂਬਰ ਤੱਕ ਵਿਸ਼ੇਸ਼ ਸੈਸ਼ਨ ਬੁਲਾਕੇ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਸੰਘਰਸ਼ੀ ਧਿਰਾਂ ਕਾਂਗਰਸ ਦਾ ਭਾਰਤੀ ਜਨਤਾ ਪਾਰਟੀ ਵਾਂਗ ਬਾਈਕਾਟ ਕਰਨਗੀਆਂ।
ਇਸ ਤੋਂ ਪਹਿਲਾਂ ਇਨ੍ਹਾਂ ਜਥੇਬੰਦੀਆਂ ਨੇ ਮੀਟਿੰਗ ਵਿੱਚ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਰਾਕੇਸ਼ ਕੁਮਾਰ ਅੱਗਰਵਾਲ ਵੱਲੋਂ ਕਿਸਾਨ ਧਿਰਾਂ ਨੂੰ ਗੱਲਬਾਤ ਲਈ ਭੇਜੇ ਸੱਦਾ ਪੱਤਰ ਨੂੰ ਰੱਦ ਕਰਦਿਆਂ ਇਸ ਨੂੰ ਅਣਅਧਿਕਾਰਤ ਕਰਾਰ ਦਿੰਦਿਆਂ ਗੱਲਬਾਤ ਦਾ ਸੱਦਾ ਰੱਦ ਕਰ ਦਿੱਤਾ। ਜਥੇਬੰਦੀ ਵੱਲੋਂ ਅੱਜ ਦੀ ਮੀਟਿੰਗ ਵਿੱਚ ਅਜਮੇਰ ਸਿੰਘ ਲੱਖੋਵਾਲ ਨੂੰ ਉੰਨਾ ਚਿਰ ਤੱਕ ਮੀਟਿੰਗਾਂ ‘ਚੋਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ, ਜਿੰਨਾਂ ਚਿਰ ਤੱਕ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਨੂੰ ਵਾਪਸ ਲੈਣ ਸਬੰਧੀ ਪੂਰਨ ਦਸਤਾਵੇਜ਼ ਸੰਘਰਸ਼ੀ ਜਥੇਬੰਦੀਆਂ ਸਾਹਮਣੇ ਪੇਸ਼ ਨਹੀਂ ਕੀਤੇ ਜਾਂਦੇ। ਜਥੇਬੰਦੀਆਂ ਨੇ ਰੇਲ ਰੋਕੂ ਅੰਦੋਲਨ,ਭਾਜਪਾ ਦਾ ਬਾਈਕਾਟ, ਟੌਲ-ਪਲਾਜ਼ਿਆਂ ਉਪਰ ਧਰਨੇ, ਰਿਲਾਇੰਸ ਪੰਪਾਂ ਦਾ ਬਾਈਕਾਟ, ਸੌਂਪਿੰਗ ਮਾਲਜ਼, ਅਡਾਨੀ ਸ਼ੋਲ ਗੁਦਾਮ ਦੇ ਪੁਆਇੰਟ ਵਧਾਕੇ ਲਗਾਤਾਰ ਹਫ਼ਤੇ ਲਈ ਇਸ ਅੰਦੋਲਨ ਨੂੰ ਪਹਿਲਾਂ ਤਰ੍ਹਾਂ ਹੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਨ੍ਹਾਂ ਫੈਸਲਿਆਂ ਸਬੰਧੀ ਜਾਣਕਾਰੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ,ਭਾਰਤੀ ਕਿਸਾਨ ਯੂਨੀਅਨ(ਮਾਨਸਾ) ਬੋਘ ਸਿੰਘ ਅਤੇ ਕਿਸਾਨ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਵੱਲੋਂ ਮਾਨਸਾ ਸਥਿਤ ਇਸ ਪੱਤਰਕਾਰ ਨੂੰ ਫੋਨ ਜ਼ਰੀਏ ਮੀਟਿੰਗ ਸਮਾਪਤੀ ਤੋਂ ਤੁਰੰਤ ਬਾਅਦ ਦਿੱਤੀ ਗਈ।