ਹੁਣ ਚੰਗਾ ਮਹਿਸੂਸ ਹੋ ਰਿਹੈ: ਟਰੰਪ

0
895

ਵਾਸ਼ਿੰਗਟਨ: ਮਿਲਟਰੀ ਹਸਪਤਾਲ ’ਚ ਕਰੋਨਾ ਦੇ ਇਲਾਜ ਲਈ ਦਾਖ਼ਲ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਊਹ ਹੁਣ ਚੰਗਾ ਮਹਿਸੂਸ ਕਰ ਰਹੇ ਹਨ। ਊਨ੍ਹਾਂ ਹਮਾਇਤ ਦੇਣ ਅਤੇ ਹਾਲ-ਚਾਲ ਪੁੱਛਣ ਲਈ ਅਮਰੀਕੀ ਲੋਕਾਂ ਅਤੇ ਆਲਮੀ ਆਗੂਆਂ ਦਾ ਧੰਨਵਾਦ ਕੀਤਾ ਹੈ। ਵਾਸ਼ਿੰਗਟਨ ਦੇ ਬਾਹਰਵਾਰ ਪੈਂਦੇ ਮਿਲਟਰੀ ਹਸਪਤਾਲ ’ਚੋਂ ਵੀਡੀਓ ਸੁਨੇਹੇ ’ਚ ਟਰੰਪ ਨੇ ਕਿਹਾ,‘‘ਮੇਰੀ ਤਬੀਅਤ ਠੀਕ ਨਹੀਂ ਸੀ। ਇਸ ਕਰਕੇ ਮੈਂ ਇਥੇ ਆਇਆ ਹੈ। ਹੁਣ ਮੈਂ ਅੱਗੇ ਨਾਲੋਂ ਬਿਹਤਰ ਮਹਿਸੂਸ ਕਰ ਰਿਹਾ ਹਾਂ।

ਅਸੀਂ ਸਾਰੇ ਮਿਹਨਤ ਕਰ ਰਹੇ ਹਾਂ ਤਾਂ ਜੋ ਮੈਂ ਵਾਪਸ ਆ ਸਕਾਂ। ਮੈਨੂੰ ਵਾਪਸ ਆਊਣਾ ਪਵੇਗਾ ਕਿਊਂਕਿ ਅਸੀਂ ਅਜੇ ਅਮਰੀਕਾ ਨੂੰ ਮੁੜ ਮਹਾਨ ਬਣਾਊਣਾ ਹੈ।’’ ਊਂਜ ਵ੍ਹਾਈਟ ਹਾਊਸ ਦੇ ਡਾਕਟਰ ਸੀਨ ਕੋਨਲੀ ਨੇ ਕਿਹਾ ਕਿ ਰਾਸ਼ਟਰਪਤੀ ਅਜੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹਨ ਅਤੇ ਊਨ੍ਹਾਂ ਨੂੰ ਰੇਮਡੇਸਿਵਿਰ ਦੀ ਦੂਜੀ ਖੁਰਾਕ ਦਿੱਤੀ ਗਈ ਹੈ।

ਡਾਕਟਰ ਮੁਤਾਬਕ ਟਰੰਪ ਨੂੰ ਬੁਖਾਰ ਨਹੀਂ ਹੈ ਅਤੇ ਆਕਸੀਜਨ ਦਾ ਪੱਧਰ ਵੀ ਠੀਕ ਹੈ। ਊਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਿਨਾਂ ਕਿਸੇ ਦਿੱਕਤ ਦੇ ਪੂਰੀ ਦੁਪਹਿਰ ਕੰਮਕਾਰ ’ਚ ਰੁੱਝੇ ਰਹੇ।

ਕਰੀਬ ਚਾਰ ਮਿੰਟ ਦੇ ਵੀਡੀਓ ਸੁਨੇਹੇ ’ਚ ਟਰੰਪ ਨੇ ਕਿਹਾ ਕਿ ਊਨ੍ਹਾਂ ਨੂੰ ਚੋਣ ਜਿੱਤਣ ਅਤੇ ਕੰਮ ਮੁਕੰਮਲ ਕਰਨ ਲਈ ਪਰਤਣਾ ਪਵੇਗਾ। ਊਨ੍ਹਾਂ ਕਿਹਾ ਕਿ ਊਹ ਵਾਇਰਸ ਨਾਲ ਜੰਗ ਲੜ ਰਹੇ ਹਨ ਅਤੇ ਆਸ ਜਤਾਈ ਕਿ ਊਹ ਊਸ ਨੂੰ ਛੇਤੀ ਹੀ ਹਰਾ ਦੇਣਗੇ।