ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ, ਹੱਤਿਆ ਨਹੀਂ ਹੋਈ: ਏਮਸ

0
730

ਨਵੀਂ ਦਿੱਲੀ: ਸੀਬੀਆਈ ਨੂੰ ਸੌਂਪੀ ਆਪਣੀ ਰਿਪੋਰਟ ਵਿਚ ‘ਏਮਸ’ ਦੀ ਫੌਰੈਂਸਿਕ ਕਮੇਟੀ ਨੇ ਕਿਹਾ ਹੈ ਕਿ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ‘ਖ਼ੁਦਕੁਸ਼ੀ ਹੀ ਕੀਤੇ ਜਾਣ ਦੀ ਸੰਭਾਵਨਾ ਨਜ਼ਰ ਆਈ ਹੈ, ਇਹ ਹੱਤਿਆ ਨਹੀਂ ਸੀ।’ ਡਾਕਟਰਾਂ ਦੇ ਪੈਨਲ ਨੇ ਕਿਹਾ ਹੈ ਕਿ ਸੁਸ਼ਾਂਤ ਦੇ ਸਰੀਰ ’ਤੇ ਸਿਰਫ਼ ਫਾਹਾ ਲਏ ਜਾਣ ਦੇ ਨਿਸ਼ਾਨ ਹਨ। ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕੀਤੇ ਹੋਣ ਦਾ ਸੰਕੇਤ ਨਹੀਂ ਮਿਲਿਆ। ਇਸ ਤੋਂ ਇਲਾਵਾ ਜ਼ਹਿਰ ਜਾਂ ਡਰੱਗ ਲਏ ਹੋਣ ਬਾਰੇ ਵੀ ਕੁਝ ਨਹੀਂ ਮਿਲਿਆ। ਅਗਸਤ ਵਿਚ ‘ਏਮਸ’ ਦੀ ਫੌਰੈਂਸਿਕ ਕਮੇਟੀ ਡਾ. ਸੁਧੀਰ ਗੁਪਤਾ ਦੀ ਅਗਵਾਈ ਵਿਚ ਸੀਬੀਆਈ ਦੇ ਕਹਿਣ ਉਤੇ ਕਾਇਮ ਕੀਤੀ ਗਈ ਸੀ। ਕਮੇਟੀ ਵੱਲੋਂ ਦਿੱਤੀ ਰਿਪੋਰਟ ਮਗਰੋਂ ਹੁਣ ਅਦਾਕਾਰ ਦੇ ਪਰਿਵਾਰ ਤੇ ਵਕੀਲ ਦੇ ਦਾਅਵਿਆਂ ਉਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਸੁਸ਼ਾਂਤ ਨੂੰ ‘ਜ਼ਹਿਰ ਦੇਣ ਮਗਰੋਂ ਗਲ ਘੁੱਟ ਕੇ ਮਾਰਿਆ ਗਿਆ।’ ਏਮਸ ਦੇ ਡਾਕਟਰਾਂ ਨੇ ਹੋਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਮਾਮਲਾ ਅਜੇ ਅਦਾਲਤ ਵਿਚ ਹੈ। ਸੀਬੀਆਈ ਨੇ ਅਜੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਏਜੰਸੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਇਸੇ ਦੌਰਾਨ ਸੁਸ਼ਾਂਤ ਦੀ ਦੋਸਤ ਅਦਾਕਾਰਾ ਰੀਆ ਚਕਰਵਰਤੀ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਇਕ ਬਿਆਨ ਵਿਚ ਕਿਹਾ ਕਿ ਰੀਆ ਖ਼ਿਲਾਫ਼ ਸਾਰੀਆਂ ਕਿਆਸਰਾਈਆਂ ਸਿਰਫ਼ ਮੀਡੀਆ ਵੱਲੋਂ ਪੇਸ਼ ਕੀਤੇ ਪੱਖਾਂ ਦੇ ਅਧਾਰ ਉਤੇ ਹੀ ਲਾਈਆਂ ਜਾ ਰਹੀਆਂ ਹਨ। ਇਹ ਪ੍ਰੇਰਿਤ ਹਨ ਤੇ ਸਾਜ਼ਿਸ਼ ਦਾ ਹਿੱਸਾ ਹਨ। ਵਕੀਲ ਨੇ ਕਿਹਾ ਕਿ ਉਨ੍ਹਾਂ ਏਮਸ ਦੇ ਡਾਕਟਰਾਂ ਦੀ ਪ੍ਰਤੀਕਿਰਿਆ ਸੁਣੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਅਜੇ ਸਿਰਫ਼ ਸੀਬੀਆਈ ਦੇ ਏਮਸ ਕਮੇਟੀ ਕੋਲ ਹੀ ਹੈ ਜੋ ਕਿ ਜਾਂਚ ਮੁਕੰਮਲ ਹੋਣ ’ਤੇ ਅਦਾਲਤ ਵਿਚ ਦਾਖ਼ਲ ਕੀਤੀ ਜਾਵੇਗੀ। ਮਾਨਸ਼ਿੰਦੇ ਨੇ ਕਿਹਾ ਕਿ ਉਹ ਸੀਬੀਆਈ ਦਾ ਪੱਖ ਉਡੀਕ ਰਹੇ ਹਨ ਤੇ ਸ਼ੁਰੂ ਤੋਂ ਇਹੀ ਕਹਿੰਦੇ ਰਹੇ ਹਨ ਕਿ ਸਚਾਈ ਕਿਸੇ ਵੀ ਹਾਲਤ ਵਿਚ ਬਦਲ ਨਹੀਂ ਸਕਦੀ।