ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

0
917

ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਦੇ ਪਸਾਰ ਦੌਰਾਨ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਲੰਘੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ 39 ਮੌਤਾਂ ਹੋਣ ਦਾ ਨਵਾਂ ਰਿਕਾਰਡ ਕਾਇਮ ਹੋਇਆ ਹੈ। ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ਤੋਂ ਸਭ ਤੋਂ ਵੱਧ ਮੌਤਾਂ ਹੋਣ ਦਾ ਰੁਝਾਨ ਜਾਰੀ ਹੈ ਅਤੇ ਅੱਜ ਵੀ ਸਿਹਤ ਵਿਭਾਗ ਨੇ ਇਸ ਜ਼ਿਲ੍ਹੇ ਵਿੱਚ 13 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 6, ਪਟਿਆਲਾ ’ਚ 4, ਅੰਮ੍ਰਿਤਸਰ ਅਤੇ ਜਲੰਧਰ ’ਚ 3-3, ਮੁਹਾਲੀ ਤੇ ਪਠਾਨਕੋਟ ’ਚ 2-2, ਸੰਗਰੂਰ, ਬਰਨਾਲਾ ਅਤੇ ਬਠਿੰਡਾ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਗਿਆ ਹੈ। ਲੁਧਿਆਣਾ ਵਿੱਚ ਹੁਣ ਤੱਕ 202, ਅੰਮ੍ਰਿਤਸਰ ’ਚ 102, ਜਲੰਧਰ ’ਚ 86 ਅਤੇ ਪਟਿਆਲਾ ’ਚ 61 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿੱਚ ਮੌਤਾਂ ਦਾ ਕੁੱਲ ਅੰਕੜਾ ਵੀ 675 ’ਤੇ ਪਹੁੰਚ ਗਿਆ ਹੈ। ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ 1020 ਸੱਜਰੇ ਮਾਮਲੇ ਸਾਹਮਣੇ ਆਏ ਹਨ। ਲੁਧਿਆਣਾ ਵਿੱਚ 229, ਜਲੰਧਰ ’ਚ 130, ਮੁਹਾਲੀ ’ਚ 104, ਅੰਮ੍ਰਿਤਸਰ ’ਚ 85, ਪਟਿਆਲਾ ’ਚ 70, ਬਰਨਾਲਾ ’ਚ 62, ਗੁਰਦਾਸਪੁਰ ’ਚ 39, ਫਰੀਦਕੋਟ ’ਚ 36, ਫਿਰੋਜ਼ਪੁਰ ’ਚ 29, ਕਪੂਰਥਲਾ ’ਚ 34, ਪਠਾਨਕੋਟ ਤੇ ਰੋਪੜ ’ਚ 27-27, ਹੁਸ਼ਿਆਰਪੁਰ ’ਚ 23, ਬਠਿੰਡਾ ’ਚ 22, ਮੋਗਾ ’ਚ 19, ਫਤਿਹਗੜ੍ਹ ਸਾਹਿਬ ’ਚ 18, ਨਵਾਂਸ਼ਹਿਰ ਤੇ ਫਾਜ਼ਿਲਕਾ ’ਚ 13-13, ਤਰਨ ਤਾਰਨ ਤੇ ਮੁਕਤਸਰ ’ਚ 9-9 ਅਤੇ ਮਾਨਸਾ ’ਚ 3 ਸੱਜਰੇ ਮਾਮਲੇ ਸਾਹਮਣੇ ਆਏ ਹਨ। ਉਧਰ ਪੰਜਾਬ ਵਿਚ ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ 30 ਸਤੰਬਰ ਤੱਕ ਵਿਭਾਗੀ ਬਦਲੀਆਂ ਅਤੇ ਛੁੱਟੀਆਂ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਵਧਿਆ ਢੰਗ ਨਾਲ ਨਜਿੱਠਣ ਲਈ ਸਾਰੇ ਅਧਿਕਾਰੀਆਂ/ਮੈਡੀਕਲ ਸਟਾਫ/ਪੈਰਾ ਮੈਡੀਕਲ ਸਟਾਫ ਦਾ ਆਪਣੇ ਸਟੇਸ਼ਨਾਂ ’ਤੇ ਤੈਨਾਤ ਰਹਿਣਾ ਜ਼ਰੂਰੀ ਹੋ ਗਿਆ ਹੈ। ਇਸ ਦੌਰਾਨ ਕਿਸੇ ਅਧਿਕਾਰੀ/ਕਰਮਚਾਰੀ ਨੂੰ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ ਅਤੇ ਸਿਰਫ਼ ਮੈਟਰਨਿਟੀ ਲੀਵ ਅਤੇ ਅਤਿ ਜ਼ਰੂਰੀ ਕਾਰਨ ਕਰ ਕੇ ਚਾਈਲਡ ਕੇਅਰ ਲੀਵ ਕੇਸਾਂ ਵਿਚ ਹੀ ਛੁੱਟੀ ਸਬੰਧੀ ਛੋਟ ਹੋਵੇਗੀ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਹੁਕਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਰੈਗੂਲਰ ਅਫ਼ਸਰਾਂ/ਮੁਲਾਜ਼ਮਾਂ ਤੋਂ ਇਲਾਵਾ ਵੱਖ-ਵੱਖ ਵਿੰਗਾਂ/ਸੰਸਥਾਵਾਂ ਵਿਚ ਠੇਕੇ/ਆਊਟਸੋਰਸਿੰਗ ਦੇ ਅਾਧਾਰ ’ਤੇ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ’ਤੇ ਲਾਗੂ ਹੋਣਗੇ।