ਸਰਹੱਦੀ ਵਿਵਾਦ ਨਜਿੱਠਣ ’ਚ ਭਾਰਤ ਦਾ ਸਾਥ ਦੇਵਾਂਗਾ: ਬਿਡੇਨ

0
680
Democratic presidential candidate, former Vice President Joe Biden, speaks during a campaign event, Tuesday, July 14, 2020, in Wilmington, Del. (AP Photo/Patrick Semansky)

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਹੈ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਖ਼ਤਰਿਆਂ ਤੇ ਚੁਣੌਤੀਆਂ ਨਾਲ ਨਜਿੱਠਣ ’ਚ ਭਾਰਤ ਦੇ ਨਾਲ ਖੜ੍ਹੇਗਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਨੂੰ ਜਿਹੜੇ ਖ਼ਤਰਿਆਂ ਦਾ ਖਿੱਤੇ ਵਿਚ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੋਰ ਜੋ ਵੀ ਸਰਹੱਦੀ ਵਿਵਾਦ ਹਨ, ਜੇ ਉਹ ਚੁਣੇ ਜਾਂਦੇ ਹਨ ਤਾਂ ਅਮਰੀਕਾ ਭਾਰਤ ਦਾ ਇਨ੍ਹਾਂ ਨਾਲ ਨਜਿੱਠਣ ਵਿਚ ਸਾਥ ਦੇਵੇਗਾ। ਬਿਡੇਨ (77) ਨੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਨੇੜੇ ਲਿਆਉਣ ਵਾਲੇ ਭਾਰਤੀ-ਅਮਰੀਕੀ ਭਾਈਚਾਰੇ ਨਾਲ ਉਨ੍ਹਾਂ ਦਾ ਨੇੜਿਓਂ ਰਾਬਤਾ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਬਿਡੇਨ ਨੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ (55) ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਤਾਰਨ ਦਾ ਐਲਾਨ ਕੀਤਾ ਹੈ। ਬਿਡੇਨ ਜੋ ਕਿ ਓਬਾਮਾ ਪ੍ਰਸ਼ਾਸਨ ਵਿਚ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ, ਨੇ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਦਰਾਂ ਸਾਲ ਪਹਿਲਾਂ ਉਹ ਦੋਵਾਂ ਮੁਲਕਾਂ ਵਿਚਾਲੇ ਇਤਿਹਾਸਕ ਪ੍ਰਮਾਣੂ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਅਗਵਾਈ ਕਰ ਰਹੇ ਸਨ। ਬਿਡੇਨ ਨੇ ਕਿਹਾ ਕਿ ਉਹ ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਦੇ ਵਿਸਤਾਰ ਲਈ ਯਤਨ ਕਰਨਗੇ। ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਤੇ ਆਲਮੀ ਸਿਹਤ ਸੁਰੱਖਿਆ ਵਰਗੀਆਂ ਚੁਣੌਤੀਆਂ ਨਾਲ ਵੀ ਰਲ-ਮਿਲ ਕੇ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਲੋਕਤੰਤਰ ਦੀ ਮਜ਼ਬੂਤੀ ਲਈ ਕੰਮ ਕਰਨਗੇ ਕਿਉਂਕਿ ਵਿਭਿੰਨਤਾ ਭਾਰਤ ਅਤੇ ਅਮਰੀਕਾ ਦੀ ਸਾਂਝੀ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਉਹ ਦੋਵਾਂ ਮੁਲਕਾਂ ਅਤੇ ਲੋਕਾਂ ਵਿਚਾਲੇ ਰਿਸ਼ਤਿਆਂ ਨੂੰ ਲਗਾਤਾਰ ਮਜ਼ਬੂਤ ਕਰਦੇ ਰਹਿਣ ਦਾ ਅਹਿਦ ਲੈਂਦੇ ਹਨ। ਬਿਡੇਨ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਹਲਕੇ ਡੈਲਾਵੇਅਰ, ਸੈਨੇਟ ਵਿਚ ਉਨ੍ਹਾਂ ਦੇ ਸਟਾਫ਼ ਤੇ ਓਬਾਮਾ ਪ੍ਰਸ਼ਾਸਨ ਵਿਚ ਸਭ ਤੋਂ ਵੱਧ ਭਾਰਤੀਆਂ ਦੀ ਹਿੱਸੇਦਾਰੀ ਰਹੀ ਹੈ। ਅਮਰੀਕੀ ਇਤਿਹਾਸ ਵਿਚ ਅਜਿਹੀ ਉਦਾਹਰਣ ਕੋਈ ਹੋਰ ਨਹੀਂ ਹੈ। ਡੈਮੋਕ੍ਰੈਟ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਭਾਰਤੀਆਂ ਦੀ ਵੱਡੀ ਸ਼ਮੂਲੀਅਤ ਹੈ। ਕਮਲਾ ਹੈਰਿਸ ਅਮਰੀਕਾ ਦੇ ਇਤਿਹਾਸ ਵਿਚ ਉਪ ਰਾਸ਼ਟਰਪਤੀ ਦੀ ਚੋਣ ਲੜਨ ਵਾਲੀ ਪਹਿਲੀ ਭਾਰਤੀ-ਅਮਰੀਕੀ ਹੈ। ਬਿਡੇਨ ਨੇ ਕਿਹਾ ਕਿ ਹੈਰਿਸ ਬੇਹੱਦ ਸਿਆਣੀ ਹੈ, ਪਰਖ਼ੀ ਹੋਈ ਤੇ ਤਿਆਰ ਹੈ। ਉਨ੍ਹਾਂ ਕਿਹਾ ਕਿ ਕਮਲਾ ਦੀ ਮਾਂ ਵੱਲੋਂ ਪਰਵਾਸ ਕਰ ਕੇ ਅਮਰੀਕਾ ਪਹੁੰਚਣ ਦੀ ਕਹਾਣੀ ਵੀ ਬੇਮਿਸਾਲ ਹੈ, ਬੜੀ ਹਿੰਮਤ ਨਾਲ ਉਨ੍ਹਾਂ ਆਪਣੀਆਂ ਧੀਆਂ ਨੂੰ ਇਸ ਮੁਕਾਮ ਉਤੇ ਪਹੁੰਚਾਇਆ ਹੈ। ਜ਼ਿਕਰਯੋਗ ਹੈ ਕਿ ਕਰੀਬ 13 ਲੱਖ ਭਾਰਤੀ-ਅਮਰੀਕੀਆਂ ਦੇ ਨਵੰਬਰ ਦੀਆਂ ਚੋਣਾਂ ਵਿਚ ਵੋਟ ਪਾਉਣ ਦੀ ਸੰਭਾਵਨਾ ਹੈ।