ਸੁਲਤਾਨਪੁਰ ਲੋਧੀ ’ਚ ਆਇਆ ਸੰਗਤ ਦਾ ਹੜ੍ਹ

0
1077

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਵਿਚ ਪਹਿਲੀ ਤੋਂ 9 ਨਵੰਬਰ ਤੱਕ ਗੁਰਦੁਆਰਾ ਬੇਰ ਸਾਹਿਬ ’ਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦਾ ਅੰਕੜਾ 21 ਲੱਖ ਨੂੰ ਪਾਰ ਕਰ ਗਿਆ ਹੈ, ਜੋ ਸੰਗਤ ਦੇ ਉਤਸ਼ਾਹ ਦਾ ਸਪੱਸ਼ਟ ਪ੍ਰਗਟਾਵਾ ਹੈ। ਸੁਲਤਾਨਪੁਰ ਕਸਬੇ ਦੀਆਂ ਸਾਰੀਆਂ ਸੜਕਾਂ ਸਵਾਗਤੀ ਗੇਟਾਂ ਨਾਲ ਭਰੀਆ ਪਈਆਂ ਹਨ।
ਥਾਂ-ਥਾਂ ’ਤੇ ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰਨ ਵਾਲੇ ਹੋਰਡਿੰਗ ਲੱਗੇ ਹੋਏ ਹਨ। ਸੁਲਤਾਨਪੁਰ ਦੀਆਂ ਕੰਧਾਂ ’ਤੇ ਮਹੀਨਾ ਕੁ ਪਹਿਲਾਂ ਬਣਾਏ ਸੁੰਦਰ ਚਿੱਤਰ ਅੱਜ ਵੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਆਉਣ ਵਾਲੀ ਸੜਕ ਨੂੰ ਵੀ ਸ਼ਹੀਦ ਊਧਮ ਸਿੰਘ ਚੌਕ ਤੋਂ ਲੈ ਕੇ ਗੁਰਦੁਆਰਾ ਬੇਰ ਸਾਹਿਬ ਤੱਕ ਰੱਸੇ ਤੇ ਡਰੰਮਾਂ ਨਾਲ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ।
ਸੜਕਾਂ ’ਤੇ ਏਨੀ ਜ਼ਿਆਦਾ ਭੀੜ ਸੀ ਕਿ ਲੰਘਣਾ ਮੁਸ਼ਕਿਲ ਹੋਇਆ ਪਿਆ ਸੀ। ਇੱਥੇ ਲੱਗੀਆਂ ਲਾਈਟਾਂ ਰਾਤ ਵੇਲੇ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਗੁਰਦੁਆਰਾ ਬੇਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ। ਅੱਜ ਛੇ ਲੱਖ ਦੇ ਕਰੀਬ ਸੰਗਤ ਨੇ ਇੱਥੇ ਮੱਥਾ ਟੇਕਿਆ।