ਦਿੱਲੀ ਚੋਣਾਂ ਦੇ ਨਤੀਜੇ ਪੰਜਾਬ ਦੀ ਸਿਆਸਤ ਨੂੰ ਤੀਸਰੀ ਧਿਰ ਵੱਲ ਤੋਰਨਗੇ

0
1415

ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣਨ ਜਾ ਰਹੇ ਅਰਵਿੰਦ ਕੇਜਰੀਵਾਲ ਨੇ ਚੋਣ ਨਤੀਜਿਆਂ ਨੂੰ ਦੇਸ਼ ਲਈ ਨਵੀਂ ਸਿਆਸਤ ਦਾ ਆਗਾਜ਼ ਕਰਾਰ ਦਿੱਤਾ ਹੈ। ਦੇਸ਼ ਦੀ ਰਾਜਧਾਨੀ ਵਿਚ ਭਾਜਪਾ ਵੱਲੋਂ ਪੇਸ਼ ਕੀਤੀ ਨਫ਼ਰਤ ਨਾਲ ਲਬਰੇਜ਼ ਹਿੰਦੂਤਵੀ ਸਿਆਸਤ ਦਾ ਜਵਾਬ ਤਾਂ ਆਮ ਆਦਮੀ ਪਾਰਟੀ (ਆਪ) ਨੇ ਨਰਮ ਹਿੰਦੂਵਾਦੀ ਪਹੁੰਚ ਅਪਣਾ ਕੇ ਹੀ ਦਿੱਤਾ ਪਰ ਪਿਛਲੇ ਪੰਜ ਸਾਲਾਂ ਦੌਰਾਨ ਪ੍ਰਸ਼ਾਸਨਿਕ ਬਿਹਤਰੀ ਰਾਹੀਂ ਸਿੱਖਿਆ, ਸਿਹਤ, ਪਾਣੀ, ਬਿਜਲੀ ਆਦਿ ਵਿਚ ਸੁਧਾਰ ਦੇ ਬੁਨਿਆਦੀ ਮੁੱਦਿਆਂ ਉੱਤੇ ਵੀ ਧਿਆਨ ਕੇਂਦਰਿਤ ਕਰੀ ਰੱਖਿਆ। ਭਾਜਪਾ ਦਾ ਸ਼ਾਹੀਨ ਬਾਗ਼ ਬਨਾਮ ਹਿੰਦੁਸਤਾਨ ਦਾ ਪੱਤਾ ਨਹੀਂ ਚੱਲ ਸਕਿਆ ਤੇ ਇਹ ੭੦ ਵਿਚੋਂ ੮ ਸੀਟਾਂ ‘ਤੇ ਸਿਮਟ ਗਈ। ਦਿੱਲੀ ਦੀ ਸਿਆਸਤ ਦਾ ਪੰਜਾਬ ਨਾਲ ਡੂੰਘਾ ਸਬੰਧ ਹੈ, ‘ਆਪ’ ਦਾ ਦਿੱਲੀ ਤੋਂ ਬਾਅਦ ਪ੍ਰਭਾਵਸ਼ਾਲੀ ਅਸਰ ਪੰਜਾਬ ਵਿਚ ਹੀ ਹੈ ਤੇ ਇਹ ਨਤੀਜੇ ਪੰਜਾਬ ਲਈ ਕਈ ਪੱਖਾਂ ਤੋਂ ਵਿਚਾਰਨ ਯੋਗ ਹਨ। ਅੰਨਾ ਅੰਦੋਲਨ ਵਿਚੋਂ ਨਿਕਲੀ ‘ਆਪ’ ਨੇ ੨੦੧੩ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਕੇ ਦੇਸ਼ ਵਿਚ ਲੋਕਾਂ ਖ਼ਾਸ ਤੌਰ ਉੱਤੇ ਨੌਜਵਾਨਾਂ ਦੀ ਕਲਪਨਾ ਨੂੰ ਟੁੰਬਿਆ ਸੀ। ਇਸੇ ਪ੍ਰਭਾਵ ਨੂੰ ਕਬੂਲਦਿਆਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ੨੦੧੪ ਦੀਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਖ਼ਿਲਾਫ਼ ਬਨਾਰਸ ਜਾ ਕੇ ਤਾਲ ਠੋਕ ਦਿੱਤੀ ਸੀ। ਆਮ ਆਦਮੀ ਪਾਰਟੀ ਦਿੱਲੀ ਸਮੇਤ ਦੇਸ਼ ਵਿਚੋਂ ਪੰਜਾਬ ਦੀਆਂ ਚਾਰ ਸੀਟਾਂ ਨੂੰ ਛੱਡ ਕੇ ਹੋਰ ਕਿਤੋਂ ਨਹੀਂ ਜਿੱਤ ਸਕੀ ਸੀ ਪਰ ੨੦੧੫ ਵਿਚ ਦਿੱਲੀ ਵਿਧਾਨ ਸਭਾ ਦੀਆਂ ਮੁੜ ੭੦ ਵਿਚੋਂ ੬੭ ਸੀਟਾਂ ਲਿਜਾਣ ਨਾਲ ਕੇਜਰੀਵਾਲ ਅਤੇ ‘ਆਪ’ ਦਾ ਡੰਕਾ ਵੱਜਣ ਲੱਗ ਗਿਆ। ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਤੋਂ ਅੱਕੇ ਲੋਕਾਂ ਵੱਲੋਂ ਸੰਸਦੀ ਚੋਣ ਦੇ ਫ਼ਤਵੇ ਨੇ ‘ਆਪ’ ਨੂੰ ਪੰਜਾਬ ਵਿਧਾਨ ਸਭਾ ਦੀਆਂ ਫਰਵਰੀ ੨੦੧੭ ਦੀਆਂ ਚੋਣਾਂ ਜਿੱਤਣ ਦੀ ਉਮੀਦ ਦੇ ਦਿੱਤੀ। ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੇ ਨਵਾਂ ਪੰਜਾਬ ਬਣਾਉਣ ਦੇ ਸੁਫ਼ਨੇ ਵੀ ਦਿਖਾਏ ਪਰ ਇਸ ਲਈ ਕੋਈ ਖਾਕਾ ਤਿਆਰ ਨਹੀਂ ਸੀ।
ਹੋਰਨਾਂ ਪਾਰਟੀਆਂ ਦੇ ਹਾਈਕਮਾਨ ਸੱਭਿਆਚਾਰ ਦੀ ਗ੍ਰਿਫ਼ਤ ਵਿਚੋਂ ‘ਆਪ’ ਵੀ ਬਾਹਰ ਨਾ ਆ ਸਕੀ ਅਤੇ ਪੰਜਾਬ ਦੇ ਹਰ ਆਗੂ ਨੂੰ ਜਦੋਂ ਚਾਹੋ ਪਾਰਟੀ ਵਿਚੋਂ ਕੱਢਣ ਅਤੇ ਜਿਸ ਨੂੰ ਚਾਹੋ ਸ਼ਾਮਲ ਕਰਨ ਦੀ ਨੀਤੀ ਵੀ ‘ਆਪ’ ਦੇ ਖ਼ਿਲਾਫ਼ ਭੁਗਤ ਗਈ। ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਆਗੂਆਂ ਨਾਲ ਚੱਲਦੀ ਗੱਲਬਾਤ ਵਿਚਕਾਰੋਂ ਟੁੱਟ ਗਈ ਤੇ ਮਗਰੋਂ ਸਿੱਧੂ ਕਾਂਗਰਸ ਵੱਲੋਂ ਚੋਣ ਜਿੱਤ ਕੇ ਮੰਤਰੀ ਬਣ ਗਿਆ। ‘ਆਪ’ ਪੰਜਾਬ ਵਿਚ ਭਰੋਸੇਯੋਗ ਲੀਡਰਸ਼ਿਪ ਅਤੇ ਪਾਰਟੀ ਦਾ ਜਥੇਬੰਦਕ ਢਾਂਚਾ ਕਾਇਮ ਕਰਨ ਤੋਂ ਖੁੰਝ ਗਈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਅਤੇ ਉਨ੍ਹਾਂ ਦੀ ੨੦੦੨ ਤੋਂ ੨੦੦੭ ਵਾਲੀ ਪ੍ਰਸ਼ਾਸਨਿਕ ਤੰਤਰ ਉੱਤੇ ਪਕੜ ਦੇ ਅਕਸ ਕਰਕੇ ਬਣੇ ਕੱਦ ਅਤੇ ਹਾਈਕਮਾਨ ਤੋਂ ਬਾਗੀਆਨਾ ਪਹੁੰਚ ਕਾਰਨ ਵੋਟਰਾਂ ਨੇ ਕਾਂਗਰਸ ਨੂੰ ਮੌਕਾ ਦਿੱਤਾ। ‘ਆਪ’ ਨੂੰ ਲੋਕ ਇਨਸਾਫ਼ ਪਾਰਟੀ ਨਾਲ ਗੱਠਜੋੜ ਕਰ ਕੇ ੨੨ ਸੀਟਾਂ ਉੱਤੇ ਸਬਰ ਕਰਨਾ ਪਿਆ ਪਰ ਤਕਨੀਕੀ ਤੌਰ ਉੱਤੇ ਇਹ ਮੁੱਖ ਵਿਰੋਧੀ ਧਿਰ ਜ਼ਰੂਰ ਬਣ ਗਈ। ਮਗਰੋਂ ਬਹੁਤ ਘੱਟ ਸਮੇਂ ਵਿਚ ਅੰਦਰੂਨੀ ਘਮਸਾਨ ਨੇ ਆਪ ਦਾ ਤੀਲਾ-ਤੀਲਾ ਖਿੰਡਾਉਣਾ ਸ਼ੁਰੂ ਕਰ ਦਿੱਤਾ। ਲੋਕ ਸਭਾ ਚੋਣਾਂ ਲੜ ਚੁੱਕੇ ਚਾਰ ਸੰਸਦ ਮੈਂਬਰਾਂ ਵਿਚੋਂ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਤਾਨਾਸ਼ਾਹੀ ਦਾ ਦੋਸ਼ ਲਗਾ ਕੇ ਪਹਿਲਾਂ ਹੀ ਅਲੱਗ ਚੱਲਣ ਲੱਗੇ। ਹਰਵਿੰਦਰ ਸਿੰਘ ਫੂਲਕਾ ਵਿਰੋਧੀ ਧਿਰ ਦੇ ਆਗੂ ਬਣੇ ਪਰ ਅੰਦਰੂਨੀ ਖਿੱਚੋਤਾਣ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ। ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਆਗੂ ਬਣ
ਗਏ।
ਖਹਿਰਾ ਨੂੰ ਲਾਹ ਕੇ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਨਾਲ ਪਾਰਟੀ ਵੰਡੀ ਗਈ। ਲੋਕ ਸਭਾ ਚੋਣਾਂ ਦੌਰਾਨ ਖਹਿਰਾ ਨੇ ਬਠਿੰਡਾ, ਬਲਦੇਵ ਸਿੰਘ ਨੇ ਫ਼ਰੀਦਕੋਟ ਤੋਂ ਵੱਖਰੀ ਪਾਰਟੀ ਦੀ ਟਿਕਟ ਉੱਤੇ ਚੋਣ ਲੜੀ। ਕੰਵਰ ਸੰਧੂ ਅਤੇ ਜਗਦੇਵ ਕਮਾਲੂ ਵੀ ਖਹਿਰਾ ਦੇ ਮਦਦਗਾਰ ਰਹੇ। ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਹਾ ਕਾਂਗਰਸ ਵਿਚ ਸ਼ਾਮਲ ਹੋ ਗਏ। ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਉੱਤੇ ਲਗਾਏ ਨਸ਼ਾ ਤਸਕਰੀ ਦੇ ਦੋਸ਼ਾਂ ਬਾਰੇ ਅਦਾਲਤ ਵਿਚ ਮੁਆਫ਼ੀ ਮੰਗ ਲੈਣ ਤੋਂ ਨਾਰਾਜ਼ ਭਗਵੰਤ ਮਾਨ ਨੇ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਪਰ ਨਾ ਤਾਂ ਕਿਸੇ ਨੇ ਇਹ ਅਸਤੀਫ਼ਾ ਪ੍ਰਵਾਨ ਕੀਤਾ ਅਤੇ ਨਾ ਹੀ ਕੇਜਰੀਵਾਲ ਨੇ ਮੁਆਫ਼ੀ ਵਾਪਸ ਲਈ। ੨੦੧੯ ਦੀਆਂ ਲੋਕ ਸਭਾ ਚੋਣਾਂ ਦੌਰਾਨ ਭਗਵੰਤ ਮਾਨ ਚੋਣ ਜਿੱਤੇ ਜਦਕਿ ਬਾਕੀ ਸਾਰੀਆਂ ਸੀਟਾਂ ਉੱਤੇ ਜ਼ਮਾਨਤ ਜ਼ਬਤ ਹੋ ਗਈ। ਪਾਰਟੀ ਦਾ ਵੋਟ ਸ਼ੇਅਰ ਘਟ ਕੇ ੭ ਫ਼ੀਸਦ ਤਕ ਆ ਗਿਆ। ਲੋਕ ਇਨਸਾਫ਼ ਪਾਰਟੀ ਦੇ ਆਗੂ ਵੀ ਪਾਣੀਆਂ ਦੇ ਮੁੱਦੇ ਅਤੇ ਕੇਜਰੀਵਾਲ ਦੀ ਮੁਆਫ਼ੀ ਕਾਰਨ ‘ਆਪ’ ਤੋਂ ਤੋੜ ਵਿਛੋੜਾ ਕਰ ਗਏ।
ਮੌਜੂਦਾ ਸਥਿਤੀ ਵਿਚ ਭਾਜਪਾ ਵੱਲੋਂ ਅਕਾਲੀ ਦਲ ਨੂੰ ਦਿੱਲੀ ਵਿਚ ਇਕ ਵੀ ਸੀਟ ਨਾ ਦਿੱਤੇ ਜਾਣ ਦੇ ਬਾਵਜੂਦ ਅਕਾਲੀ ਦਲ ਨੇ ਭਾਜਪਾ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਅਕਾਲੀ ਆਗੂ ਭਾਜਪਾ ਦੀ ਹਾਰ ਤੋਂ ਖੁਸ਼ ਹਨ ਪਰ ‘ਆਪ’ ਦੇ ਜਿੱਤਣ ਨਾਲ ਚਿੰਤਤ ਵੀ ਹਨ। ਅਕਾਲੀ ਦਲ ਅੰਦਰੂਨੀ ਸੰਕਟ ਦਾ ਸਾਹਮਣਾ ਵੀ ਕਰ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ ਅਤੇ ਹੋਰ ਆਗੂ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਰਹੇ ਹਨ। ਭਾਵੇਂ ਸੁਖਬੀਰ ਬਾਦਲ ਪਾਰਟੀ ਨੂੰ ਸਰਗਰਮ ਕਰਨ ਲਈ ਰੈਲੀਆਂ ਕਰ ਰਹੇ ਹਨ ਪਰ ਪਹਿਲਾਂ ਹੀ ਲੱਗੇ ਇਲਜ਼ਾਮ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ। ਕੈਪਟਨ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ।
‘ਆਪ’ ਨੂੰ ਵਿਆਪਕ ਏਜੰਡੇ ਦੀ ਲੋੜ: ਦਿੱਲੀ ਦੇ ਨਤੀਜਿਆਂ ਮਗਰੋਂ ਪੰਜਾਬ ਵਿਚ ‘ਆਪ’ ਦੇ ਕਾਡਰ ਦਾ ਉਤਸ਼ਾਹਿਤ ਹੋਣਾ ਸੁਭਾਵਿਕ ਹੈ। ਦਿੱਲੀ ਵਾਂਗ ਪੰਜਾਬ ਸਿਟੀ ਸਟੇਟ ਨਹੀਂ ਹੈ, ਜਿੱਥੇ ਸਿਰਫ਼ ਗਵਰਨੈਂਸ ਦੀ ਸਮੱਸਿਆ ਨਾਲ ਕੰਮ ਚਲਾਇਆ ਜਾ ਸਕੇ। ਸਰਹੱਦੀ ਸੂਬਾ, ਅੰਦੋਲਨਾਂ ਦੀ ਵਿਰਾਸਤ, ਨਾਉਮੀਦ ਹੋਏ ਨੌਜਵਾਨਾਂ ਵੱਲੋਂ ਵੱਡੇ ਪੈਮਾਨੇ ਉੱਤੇ ਪਰਵਾਸ, ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ, ਹਿੰਦੂਤਵੀ ਏਜੰਡੇ, ਨਾਗਰਿਕ ਸੋਧ ਬਿੱਲ, ਕਰਤਾਰਪੁਰ ਸਾਹਿਬ ਲਾਂਘਾ, ਪਾਰਟੀਆਂ ਅਤੇ ਲੋਕਾਂ ਦਾ ਇੱਕ ਦੂਸਰੇ ਤੋਂ ਵਿੱਥ ਉੱਤੇ ਖੜ੍ਹੇ ਹੋਣ ਦਾ ਦ੍ਰਿਸ਼ ਇਹ ਸਾਬਤ ਕਰਦਾ ਹੈ ਕਿ ਸਿਆਸੀ ਖਲਾਅ ਭਰਨ ਲਈ ‘ਆਪ’ ਨੂੰ ਸਿਰਫ਼ ਦਿੱਲੀ ਦੀ ਜਿੱਤ ਨਾਲ ਨਹੀਂ ਸਰਨਾ। ਇਸ ਵਾਸਤੇ ਵਿਆਪਕ ਏਜੰਡੇ, ਏਜੰਡਾ ਆਧਾਰਤ ਅੰਦੋਲਨ ਅਤੇ ਅੰਦੋਲਨ ਵਿਚੋਂ ਨਿਕਲੀ ਸੂਬਾਈ ਲੀਡਰਸ਼ਿਪ ਦੀ ਲੋੜ ਹੈ।