ਅਕਾਲ ਤਖ਼ਤ ‘ਤੇ ਅਰਦਾਸ ਕਰਨ ਵਾਲਾ ਗ੍ਰਿਫ਼ਤਾਰ

0
1039

ਅੰਮ੍ਰਿਤਸਰ: ਪੁਲੀਸ ਨੇ ਇੱਕ ਸਿੱਖ ਨੌਜਵਾਨ ਨੂੰ ਸਿੱਖਸ ਫਾਰ ਜਸਟਿਸ ਜਥੇਬੰਦੀ ਵਾਸਤੇ ਸ੍ਰੀ ਅਕਾਲ ਤਖ਼ਤ ‘ਤੇ ਅਰਦਾਸ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਸਿੱਖਸ ਫਾਰ ਜਸਟਿਸ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ‘ਰਾਏਸ਼ੁਮਾਰੀ-੨੦੨੦’ ਲਈ ਸ੍ਰੀ ਅਕਾਲ ਤਖਤ ‘ਤੇ ਅਰਦਾਸ ਕੀਤੀ ਜਾਵੇਗੀ ਅਤੇ ਅਰਦਾਸ ਕਰਨ ਵਾਲੇ ਨੂੰ ੫ ਹਜ਼ਾਰ ਡਾਲਰ ਦਿੱਤੇ ਜਾਣਗੇ।
ਇਸ ਨੌਜਵਾਨ ਨੇ ਸਵੇਰੇ ਸਾਜਰੇ ਸ੍ਰੀ ਅਕਾਲ ਤਖਤ ਸਾਹਮਣੇ ਅਰਦਾਸ ਕੀਤੀ। ਉਸ ਨੇ ਹੱਥ ਵਿੱਚ ਫੜਿਆ ਆਪਣਾ ਮੋਬਾਈਲ ਸ੍ਰੀ ਅਕਾਲ ਤਖ਼ਤ ਵਲ ਕੀਤਾ ਹੋਇਆ ਸੀ ਅਤੇ ਇਸ ਦੀ ਵੀਡੀਓ ਰਿਕਾਰਿਡੰਗ ਕੀਤੀ ਜਾ ਰਹੀ ਸੀ। ਅਰਦਾਸ ਕਰਦਿਆਂ ਉਸ ਨੇ ਭਾਵੇਂ ਸਿੱਖਸ ਫਾਰ ਜਸਟਿਸ ਜਥੇਬੰਦੀ ਅਤੇ ਰਾਏਸ਼ੁਮਾਰੀ ੨੦੨੦ ਦਾ ਨਾਮ ਨਹੀਂ ਲਿਆ ਪਰ ਉਸ ਨੇ ਖਾਲਿਸਤਾਨ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਉਸ ਨੇ ਅਰਦਾਸ ਦੌਰਾਨ ਆਖਿਆ ਕਿ ਜਿਹੜੇ ਸਿੱਖ ਖਾਲਿਸਤਾਨ ਲਈ ਲੱਗੇ ਹਨ, ਉਨ੍ਹਾਂ ਦੇ ਕਾਰਜ ਰਾਸ ਕਰੋ ਅਤੇ ਜਾਲਮ ਸਰਕਾਰਾਂ ਤੋਂ ਬਚਾਓ। ਅਰਦਾਸ ਮਗਰੋਂ ਉਸ ਵੱਲੋਂ ਦੋ ਵਾਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਗਏ।
ਦੱਸਣਯੋਗ ਹੈ ਕਿ ਸਿੱਖਸ ਫਾਰ ਜਸਟਿਸ ਵੱਲੋਂ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਵੱਲੋਂ ੨੩ ਅਗਸਤ ਨੂੰ ਅਕਾਲ ਤਖਤ ‘ਤੇ ਅਰਦਾਸ ਕੀਤੀ ਜਾਵੇਗੀ। ਇਸ ਸਬੰਧੀ ਮੁੱਖ ਮੰਤਰੀ ਨੂੰ ਅਰਦਾਸ ਰੋਕਣ ਲਈ ਚਿਤਾਵਨੀ ਵੀ ਦਿੱਤੀ ਗਈ ਸੀ।