ਅਮਰੀਕੀ ਵੀਜ਼ਾ ਲੈਣ ਵਾਲਿਆਂ ਨੂੰ ਸੋਸ਼ਲ ਮੀਡੀਆ ਬਾਰੇ ਵੇਰਵੇ ਦੇਣੇ ਪੈਣਗੇ

0
1814

ਵਾਸ਼ਿੰਗਟਨ: ਅਮਰੀਕੀ ਵੀਜ਼ਾ ਦੇ ਚਾਹਵਾਨਾਂ ਨੂੰ ਨਵੇਂ ਨਿਯਮਾਂ ਤਹਿਤ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਵੇਰਵੇ ਸਾਂਝੇ ਕਰਨੇ ਪੈਣਗੇ। ਅਮਰੀਕਾ ’ਚ ਦਹਿਸ਼ਤਗਰਦਾਂ ਅਤੇ ਹੋਰ ਖਤਰਨਾਕ ਵਿਅਕਤੀਆਂ ਦੀਆਂ ਕਾਰਵਾਈਆਂ ਨੂੰ ਰੋਕਣ ਦੇ ਉਪਰਾਲੇ ਵਜੋਂ ਅਜਿਹਾ ਕਦਮ ਉਠਾਇਆ ਗਿਆ ਹੈ।
ਵਿਦੇਸ਼ ਵਿਭਾਗ ਵੱਲੋਂ ਸ਼ਨਿਚਰਵਾਰ ਨੂੰ ਅਪਣਾਈ ਨਵੀਂ ਨੀਤੀ ਤਹਿਤ ਆਰਜ਼ੀ ਤੌਰ ’ਤੇ ਅਮਰੀਕਾ ਆਉਣ ਵਾਲਿਆਂ ਸਮੇਤ ਜ਼ਿਆਦਾਤਰ ਵੀਜ਼ਾ ਅਰਜ਼ੀਕਾਰਾਂ ਨੂੰ ਸੋਸ਼ਲ ਮੀਡੀਆ ਸਬੰਧੀ ਆਪਣੀ ਪਛਾਣ ਜੱਗ ਜ਼ਾਹਿਰ ਕਰਨੀ ਪਵੇਗੀ। ਜੇਕਰ ਉਹ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਦੇ ਹਨ ਤਾਂ ਵੀ ਅਰਜ਼ੀਕਾਰਾਂ ਨੂੰ ਇਸ ਬਾਰੇ ਦੱਸਣਾ ਹੋਵੇਗਾ। ਜੇਕਰ ਕੋਈ ਵੀਜ਼ਾ ਅਰਜ਼ੀਕਾਰ ਇਸ ਬਾਬਤ ਝੂਠ ਬੋਲਦਾ ਹੈ ਤਾਂ ਉਸ ਨੂੰ ਗੰਭੀਰ ਇਮੀਗਰੇਸ਼ਨ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਜਜ਼ਬਾਤਾਂ ਨੂੰ ਭੜਕਾਇਆ ਜਾਂਦਾ ਹੈ ਅਤੇ ਦਹਿਸ਼ਤਗਰਦਾਂ ਲਈ ਇਹ ਮੰਚ ਬਣ ਜਾਂਦਾ ਹੈ ਜਿਸ ਕਾਰਨ ਲੋਕਾਂ ਦੀ ਸੁਰੱਖਿਆ ਖ਼ਤਰਾ ਖੜ੍ਹਾ ਹੋ ਸਕਦਾ ਹੈ।