ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਦੇਹਾਂਤ

0
726

ਸ੍ਰੀ ਆਨੰਦਪੁਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਸੋਮਵਾਰ ਦੇਰ ਰਾਤ ਦਿਲ ਦੀ ਧੜਕਣ ਰੁਕਣ ਕਾਰਨ ਦੇਹਾਂਤ ਹੋ ਗਿਆ। ਸੋਮਵਾਰ ਦੀ ਦੇਰ ਰਾਤ ਨੂੰ ਤਕਰੀਬਨ ਪੌਣੇ ਬਾਰਾਂ ਵਜੇ ਉਨ੍ਹਾਂ ਨੂੰ ਦੌਰਾ ਪੈਣ ਕਾਰਨ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਰਾਤ 12.18 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹ 66 ਸਾਲਾਂ ਦੇ ਸਨ ਅਤੇ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਗੁਰਦੇ ਤਬਦੀਲ ਕਰਵਾਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ 14 ਜੂਨ ਨੂੰ ਬਾਅਦ ਦੁਪਹਿਰ 4 ਵਜੇ ਚਰਨ ਗੰਗਾ ਸਮਸ਼ਾਨ ਘਾਟ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ।ਪ੍ਰਿੰਸੀਪਲ ਸੁਰਿੰਦਰ ਸਿੰਘ ਸਾਲ 2011 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਹਲਕਾ ਸ੍ਰੀ ਅਨੰਦਪੁਰ ਸਾਹਿਬ (ਦੋਹਰਾ) ਤੋਂ ਐੱਸਸੀ ਰਾਖਵੀਂ ਸੀਟ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਸਨ। ਉਹ 1973 ਤੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਵਿਚ ਲੱਗੇ ਹੋਏ ਸਨ। 1992 ਤੱਕ ਉਹ ਨੇੱਤਰਹੀਣ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੇਵਾ ਨਿਭਾਉਂਦੇ ਰਹੇ। ਸਾਲ 1995 ਤੋਂ ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਥਾਪਕ ਅਤੇ ਪ੍ਰਿੰਸੀਪਲ ਵੀ ਚਲੇ ਆ ਰਹੇ ਸਨ। ਉਨ੍ਹਾਂ ਦਾ ਧਰਮ ਪ੍ਰਚਾਰ ਦੇ ਖੇਤਰ ਵਿਚ ਜੀਵਨ ਭਰ ਦਾ ਯੋਗਦਾਨ ਮਿਸਾਲੀ ਰਿਹਾ। ਉਨ੍ਹਾਂ ਦੇ ਪਰਿਵਾਰ ਵਿੱਚ  ਪਤਨੀ ਬੀਬੀ ਭੁਪਿੰਦਰ ਕੌਰ,  ਧੀ ਇੰਦਰਪ੍ਰੀਤ ਕੌਰ ਅਤੇ ਪੁੱਤਰ ਅਮਨਦੀਪ ਸਿੰਘ ਹਨ। ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਮੌਤ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ, ਕੈਬਿਨੈਟ ਮੰਤਰੀ ਹਰਜੋਤ ਬੈਂਸ, ਡਾ. ਦਲਜੀਤ ਸਿੰਘ ਚੀਮਾ,ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।