ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ: ਸਾਡੇ ਪੁੱਤ ਦੇ ਨਾਂ ’ਤੇ ਸਿਆਸੀ ਰੋਟੀਆਂ ਨਾ ਸੇਕੀਆਂ ਜਾਣ

0
836

ਮਾਨਸਾ: ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਝਟਕਾ ਦਿੰਦਿਆਂ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਸਭ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ‌ਦੇ ਨਾਮ ਨੂੰ ਰਾਜਨੀਤਿਕ ਹਿੱਤਾਂ ਲਈ ਨਾ ਵਰਤਿਆ ਜਾਵੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕਾਂਗਰਸ ਵੱਲੋਂ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਗੀਤ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਿੱਧੂ ਮੂਸੇਵਾਲਾ ਦੀ ਦੇਹ ਅਤੇ ਉਸ ਦੀ ਯਾਦਗਾਰ (ਸਮਾਧ) ਦੀਆਂ ਤਸਵੀਰਾਂ ਨੂੰ ਵਿਖਾਇਆ ਗਿਆ ਹੈ। ਸਿੱਧੂ ਮੂਸੇਵਾਲਾ ‌ਦੇ ਪਰਿਵਾਰ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਿੱਧੂ ਮੂਸੇਵਾਲਾ ‌ਦੇ ਨਾਮ ਨੂੰ ਰਾਜਨੀਤਕ ਹਿੱਤਾਂ ਲਈ ਨਾ ਵਰਤਿਆ ਜਾਵੇ। ਪਰਿਵਾਰ ਵੱਲੋਂ ਇਹ ਅਪੀਲ ਸਿੱਧੂ ਮੂਸੇਵਾਲਾ ‌ਦੇ ਇੰਸਟਾਗ੍ਰਾਮ ਉਤੇ ਕੀਤੀ ਗਈ ਹੈ। ਬੇਸ਼ੱਕ ਅਪੀਲ ਵਿਚ ਕਿਸੇ ਵਿਸ਼ੇਸ਼ ਵਿਅਕਤੀ ਜਾਂ ਪਾਰਟੀ ਦਾ ਨਾਮ ਨਹੀਂ ਲਿਆ ਗਿਆ ਹੈ ਪਰ ਫਿਰ ਵੀ ਇਸ ਨੂੰ ਕਾਂਗਰਸ ਪਾਰਟੀ ਨਾਲ ਜੋੜਕੇ ਵੇਖਿਆ ਜਾ ਰਿਹਾ ਹੈ, ਕਿਉਂਕਿ ਪਾਰਟੀ ਨੇ ਦੋ ਦਿਨ ਪਹਿਲਾਂ ਹੀ 12 ਜੂਨ ਨੂੰ ਸੰਗਰੂਰ ਲੋਕ ਸਭਾ ਚੋਣ ਲਈ ਦਲਬੀਰ ਸਿੰਘ ਗੋਲਡੀ ਦੀ ਚੋਣ ਮੁਹਿੰਮ ਭਖਾਉਣ ਸਬੰਧੀ ਗਾਣਾ ਰਿਲੀਜ਼ ਕੀਤਾ ਸੀ, ਜਿਸ‌ ਵਿਚ ਮੂਸੇ ਵਾਲੇ ਦੀ ਤਸਵੀਰ ਨੂੰ ਵਿਸ਼ੇਸ਼ ਤੌਰ ‘ਤੇ ਉਭਾਰਿਆ ਗਿਆ ਸੀ। ਕਾਂਗਰਸ ਪਾਰਟੀ ਵੱਲੋਂ ਇਸ ਵਾਰ ਵਿਧਾਨ ਸਭਾ ਚੋਣਾਂ ਵੇਲੇ ਮਾਨਸਾ ਹਲਕੇ ਤੋਂ ਸਿੱਧੂ ਮੂਸੇਵਾਲਾ ਨੂੰ ਪਾਰਟੀ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਪਾਸੋਂ 63000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਪਰਿਵਾਰ ਵਲੋਂ ਪਾਈ ਇਸ ਪੋਸਟ ਕਾਂਗਰਸ ਪਾਰਟੀ ਨੂੰ ਵੱਡਾ ਧੱਕਾ ਲੱਗਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਿੱਧੂ ਮੂਸੇਵਾਲਾ ‌ਦੇ ਬਹਾਨੇ ਨਾਲ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੇ ਸਨ। ਇਸ ਗੀਤ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੇ ਕਮਜ਼ੋਰ ਹੈ ਅਤੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਕਾਰਨ ਹੀ ਕ਼ਤਲ ਹੋਇਆ ਹੈ।