ਅਧੂਰੀ ਨੀਂਦ ਦਿਮਾਗ ਲਈ ਖਤਰਨਾਕ

0
1991

ਜੇ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ ਤਾਂ ਇਹ ਤੁਹਾਡੇ ਦਿਮਾਗ ਲਈ ਖਤਰਨਾਕ ਹੈ। ਅਧੂਰੀ ਨੀਂਦ ਸਰੀਰ ਹੀ ਨਹੀਂ, ਦਿਮਾਗ ਦੀ ਸਿਹਤ ਲਈ ਵੀ ਖਤਰਾ ਹੋ ਸਕਦੀ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਡੀ. ਰੈਮਸੇ ਨੇ ਕਿਹਾ ਕਿ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ‘ਤੇ ਅਧੂਰੀ ਨੀਂਦ ਨਾਲ ਪੈਣ ਵਾਲਾ ਅਸਰ ਅਸਲ ‘ਚ ਹੈਰਾਨ ਕਰਨ ਵਾਲਾ ਹੈ। ਅਧੂਰੀ ਨੀਂਦ ਦੇ ਨਾਲ ਬੀਤੀ ਹਰ ਰਾਤ ਦਿਮਾਗੀ ਸਿਹਤ ‘ਤੇ ਮਾੜੇ ਅਸਰ ਦਾ ਖਦਸ਼ਾ ਵਧਾ ਦਿੰਦੀ ਹੈ।
ਇਸ ਖੋਜ ਦੇ ਅਨੁਸਾਰ ਲੋੜੀਂਦੀ ਨੀਂਦ ਨਾ ਲੈਣ ਵਾਲੇ ਵਿਦਿਆਰਥੀਆਂ ਅਤੇ ਐਥਲੀਟਾਂ ‘ਚ ਐਂਜਾਇਟੀ (ਚਿੰਤਾ), ਖ਼ੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਖ਼ੁਦਕੁਸ਼ੀ ਕਰਨ ਵਰਗੇ ਵਿਚਾਰ ਪੈਦਾ ਹੋ ਸਕਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਨੀਂਦ ਪੂਰੀ ਨਾ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਵੀ ਅਸਰ ਪੈਂਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਨੀਂਦ ਲੈਣ। ਯੂਨੀਵਰਸਿਟੀ ਨੇ ਆਪਣੇ ਇਸ ਅਧਿਐਨ ‘ਚ ੧,੧੦,੪੯੬ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ‘ਚੋਂ ੮੪੬੨ ਐਥਲੀਟ ਵੀ ਸਨ।
ਇਸ ਖੋਜ ‘ਚ ਪਾਇਆ ਗਿਆ ਕਿ ਨੀਂਦ ਪੂਰੀ ਨਾ ਹੋਣ ਨਾਲ ਮੂਡ ਖਰਾਬ ਹੋਣ ਦਾ ਖਦਸ਼ਾ ੨੧ ਫੀਸਦੀ, ਨਿਰਾਸ਼ਾ ਅਤੇ ਗੁੱਸੇ ਦਾ ਖਦਸ਼ਾ ੨੪ ਫੀਸਦੀ, ਚਿੰਤਾ ਵਧਣ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦਾ ਖਦਸ਼ਾ ੨੫ ਫੀਸਦੀ ਅਤੇ ਆਤਮ-ਹੱਤਿਆ ਦਾ ਵਿਚਾਰ ਆਉਣ ਦਾ ਖਦਸ਼ਾ ੨੮ ਫੀਸਦੀ ਤਕ ਵਧ ਜਾਂਦਾ ਹੈ। ਡਾ. ਗੌਰਵ ਗੁਪਤਾ ਦਾ ਕਹਿਣਾ ਹੈ ਕਿ ਜੇ ਤੁਸੀਂ ਲੋੜੀਂਦੀ ਨੀਂਦ ਨਹੀਂ ਲੈਂਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਸਕਦੀਆਂ ਹਨ।