ਮੋਦੀ ਨੂੰ ਭਾਰਤੀਆਂ ਨਾਲੋਂ ਵੱਧ ਸਿਆਸਤ ਪਿਆਰੀ: ਪ੍ਰਿਯੰਕਾ

0
1076

ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹੱਲਾ ਬੋਲਦਿਆਂ ਕਿਹਾ ਕਿ ‘ਪ੍ਰਧਾਨ ਮੰਤਰੀ ਦੀ ਪਹਿਲੀ ਤਰਜੀਹ ਭਾਰਤੀ ਲੋਕ ਨਹੀਂ, ਬਲਕਿ ਸਿਆਸਤ ਹੈ ਤੇ ਸੱਚ ਦਾ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਪ੍ਰਾਪੇਗੰਡਾ ਦਾ ਪੈਂਦਾ ਹੈ।’ ਪ੍ਰਿਯੰਕਾ ਕਰੋਨਾ ਨਾਲ ਨਜਿੱਠਣ ਦੇ ਮਾਮਲੇ ’ਤੇ ਮੋਦੀ ਉਤੇ ਨਿਸ਼ਾਨਾ ਸੇਧ ਰਹੀ ਸੀ। ਆਪਣੀ ‘ਜ਼ਿੰਮੇਦਾਰ ਕੌਣ’ ਮੁਹਿੰਮ ਦੀ ਅਗਲੀ ਕੜੀ ਵਜੋਂ ਕਾਂਗਰਸ ਜਨਰਲ ਸਕੱਤਰ ਨੇ ‘ਲੀਡਰਸ਼ਿਪ ਸੰਕਟ’ ਉਤੇ ਸਵਾਲ ਉਠਾਇਆ ਤੇ ਦਾਅਵਾ ਕੀਤਾ ਕਿ ਸਾਰੇ ਸੰਸਾਰ ਨੇ ਮਹਾਮਾਰੀ ਦੌਰਾਨ ‘ਪ੍ਰਸ਼ਾਸਨ ਦੇ ਪੱਖ ਤੋਂ ਪ੍ਰਧਾਨ ਮੰਤਰੀ ਦੀ ਨਾਕਾਮੀ ਦੇਖ ਲਈ ਹੈ।’ ਪ੍ਰਿਯੰਕਾ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਬਸ ਚੁੱਪ ਕਰ ਕੇ ਬੇਹੱਦ ਮਾੜੇ ਹਾਲਾਤ ਗੁਜ਼ਰ ਜਾਣ ਦਾ ਇੰਤਜ਼ਾਰ ਕਰਦੇ ਰਹੇ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕਾਇਰਾਂ ਵਰਗਾ ਵਿਹਾਰ ਕੀਤਾ ਹੈ। ਉਨ੍ਹਾਂ ਨੇ ਮੁਲਕ ਦਾ ਹੌਸਲਾ ਡੇਗਿਆ ਹੈ।’ ਕਾਂਗਰਸ ਆਗੂ ਨੇ ਆਪਣੇ ਬਿਆਨ ਸੋਸ਼ਲ ਮੀਡੀਆ ਉਤੇ ਪੋਸਟ ਕੀਤੇ ਹਨ।