ਦਿੱਲੀ ਵਿੱਚ 169 ਦਿਨਾਂ ਬਾਅਦ ਮੁੜ ਸ਼ੁਰੂ ਹੋਈ ਮੈਟਰੋ ਸੇਵਾ

0
1446

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਕਾਰਨ 5 ਮਹੀਨੇ ਤੋਂ ਵਧ ਸਮੇਂ ਤਕ ਬੰਦ ਰਹਿਣ ਤੋਂ ਬਾਅਦ ਦਿੱਲੀ ਮੈਟਰੋ ਨੇ ਸੋਮਵਾਰ ਨੂੰ ‘ਯੈਲੋ ਲਾਈਨ’ ’ਤੇ ਆਪਣੀ ਸੀਮਤ ਸੇਵਾਵਾਂ ਸ਼ੁਰੂ ਕੀਤੀਆਂ। ਇਸ ਦੌਰਾਨ ਯਾਤਰੀ ਕੋਵਿਡ ਨੇਮਾਂ ਦਾ ਪਾਲਣ ਕਰਦੇ ਨਜ਼ਰ ਆਏ। ਅਧਿਕਾਰੀ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਮੈਟਰੋ ਸਵੇਰੇ 4 ਘੰਟੇ(7 ਤੋਂ 11 ਵਜੇ ਤਕ) ਅਤੇ ਸ਼ਾਮ ਨੂੰ 4 ਘੰਟੇ(ਸ਼ਾਮ 4 ਤੋਂ ਰਾਤ 8ਵਜੇ ) ਤਕ ਚੱਲੇਗੀ। ਦਿੱਲੀ ਮੈਟਰੋ ਰੇਲ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਦਿਆਂ ਸਵੇਰੇ 7 ਵਜੇ ਮੈਟਰੋ ਸ਼ੁਰੂ ਕਰ ਦਿੱਤੀ ਗਈ ਹੈ।
ਪਹਿਲੀ ਗੱਡੀ ਸਮੈਪੁਰ ਬਾਦਲੀ ਤੋਂ ਹੁੱਡਾ ਸੈਂਟਰ ਲਈ ਰਵਾਨਾ ਹੋਈ। ਡੀਐਮਆਰਸੀ ਨੇ ਹੁੱਡਾ ਸਿਟੀ ਸੈਂਟਰ ਤੋਂ ਰਵਾਨਾ ਹੋਈ ਪਹਿਲੀ ਗੱਡੀ ਦਾ ਵੀਡੀਓ ਟਵਿੱਟਰ ’ਤੇ ਸ਼ੇਅਰ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮੈਟਰੋ ਸੇਵਾ ਬਹਾਲ ਹੋਣ ’ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘ਮੈਨੂੰ ਖੁਸ਼ੀ ਹੈ ਕਿ ਅੱਜ ਤੋਂ ਮੈਟਰੋ ਸ਼ੁਰੂ ਹੋ ਰਹੀ ਹੈ। ਮੈਟਰੋ ਨੇ ਚੰਗੇ ਪ੍ਰਬੰਧ ਕੀਤੇ ਹਨ। ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ , ਕੋਈ ਲਾਪ੍ਰਵਾਈ ਨਹੀਂ ਕਰਨੀ ਚਾਹੀਦੀ । ’ ਯਾਤਰੀਆਂ ਨੂੰ ਤਾਪਮਾਨ ਦੀ ਜਾਂਚ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰਨ ਬਾਅਦ ਹੀ ਸਟੇਸ਼ਨ ਵਿੱਚ ਜਾਣ ਦਿੱਤਾ ਗਿਆ। ਕੋਵਿਡ-19 ਕਾਰਨ ਐਨਸੀਆਰ ਵਿੱਚ ਮੈਟਰੋ ਸੇਵਾਵਾਂ 22 ਮਾਰਚ ਤੋਂ ਬੰਦ ਸਨ।