ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

0
1277

ਚੰਡੀਗੜ੍ਹ: ਪੰਜਾਬ ਵਿਚ ਕਿਸਾਨਾਂ ਨੇ ਅੱਜ ਮਾਲ ਗੱਡੀਆਂ ਲਈ ਰੇਲ ਮਾਰਗ ਖੋਲ੍ਹ ਦਿੱਤੇ ਹਨ। ਕਿਸਾਨਾਂ ਨੇ ਰੇਲ ਮਾਰਗਾਂ ’ਤੇ 28 ਥਾਵਾਂ ਉਪਰ ਲਾਏ ਮੋਰਚੇ 15 ਦਿਨਾਂ ਲਈ ਮੁਲਤਵੀ ਕਰ ਦਿੱਤੇ ਹਨ। ਇਹ ਕਿਸਾਨ ਹੁਣ ਮੁਸਾਫਰ ਗੱਡੀਆਂ ਦੀ ਰੋਕ ਯਕੀਨੀ ਬਣਾਉਣ ਲਈ ਰੇਲਵੇ ਸਟੇਸ਼ਨਾਂ ’ਤੇ ਬੈਠ ਗਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫਿਰੋਜ਼ਪੁਰ ਦੇ ਰੇਲ ਮਾਰਗ ਤੋਂ ਧਰਨਾ ਚੁੱਕ ਦਿੱਤਾ ਹੈ ਅਤੇ ਦੇਵੀਦਾਸਪੁਰਾ (ਅੰਮ੍ਰਿਤਸਰ) ਰੇਲਵੇ ਟਰੈਕ ਉੱਤੇ ਲੱਗੇ ਧਰਨੇ ਨੂੰ 29 ਅਕਤੂਬਰ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 30 ਕਿਸਾਨ ਧਿਰਾਂ ਨੇ ਖਾਦ ਅਤੇ ਕੋਲੇ ਦੀ ਸਪਲਾਈ ’ਤੇ ਅਸਰ ਪੈਣ ਕਾਰਨ 5 ਨਵੰਬਰ ਤੱਕ ਮਾਲ ਗੱਡੀਆਂ ਨੂੰ ਛੋਟ ਦੇਣ ਦਾ ਫੈਸਲਾ ਕੀਤਾ ਹੈ। ਰੇਲ ਮਾਰਗ ਖੁੱਲ੍ਹਦੇ ਸਾਰ ਹੀ ਖਾਦ ਅਤੇ ਕੋਲਾ ਕੰਪਨੀਆਂ ਨੇ ਸੂਬੇ ਵਿਚ ਸਪਲਾਈ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਖਾਦ ਅਤੇ ਕੋਲੇ ਦੇ ਕਰੀਬ 80 ਰੈਕ ਪੰਜਾਬ ਲਈ ਰਵਾਨਾ ਹੋ ਚੁੱਕੇ ਹਨ ਜੋ ਆਉਂਦੇ ਦਿਨਾਂ ਵਿਚ ਪੁੱਜਣੇ ਸ਼ੁਰੂ ਹੋ ਜਾਣਗੇ।

ਇੰਡੀਅਨ ਪੋਟਾਸ਼ ਲਿਮਿਟਡ ਦੇ ਖੇਤਰੀ ਅਧਿਕਾਰੀ ਰਵੀ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੜਕ ਰਸਤੇ 22 ਹਜ਼ਾਰ ਮੀਟਰਿਕ ਟਨ ਡੀਏਪੀ ਦੀ ਸਪਲਾਈ ਦਿੱਤੀ ਜਾ ਚੁੱਕੀ ਹੈ ਜਦੋਂ ਕਿ ਬਾਕੀ ਖਾਦ ਦੀ ਲੋਡਿੰਗ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਯੂਰੀਆ ਖਾਦ ਦੇ ਸੱਤ ਰੈਕ ਵੀ ਆ ਰਹੇ ਹਨ। ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਵੀ ਪੋਟਾਸ਼ ਤੇ ਡੀਏਪੀ ਖਾਦ ਦਾ ਇੱਕ ਰੈਕ ਆਉਂਦੇ ਦਿਨਾਂ ਵਿਚ ਪੁੱਜ ਜਾਵੇਗਾ। ਇਸੇ ਤਰ੍ਹਾਂ ਚੰਬਲ ਫਰਟੀਲਾਈਜ਼ਰ ਦੇ ਅਧਿਕਾਰੀ ਬੀ ਕੇ ਪੰਜਾਬੀ ਨੇ ਦੱਸਿਆ ਕਿ ਪੰਜ ਕੁ ਦਿਨਾਂ ਤੱਕ ਡੀਏਪੀ ਖਾਦ ਦੇ ਚਾਰ ਰੈਕ ਪੁੱਜ ਜਾਣਗੇ ਅਤੇ ਨਵੇਂ ਆਰਡਰ ਵੀ ਕਰ ਦਿੱਤੇ ਗਏ ਹਨ। ਬਾਕੀ ਕੰਪਨੀਆਂ ਦੇ ਰੈਕ ਵੀ ਲੋਡ ਹੋਣੇ ਸ਼ੁਰੂ ਹੋ ਗਏ ਹਨ।