ਵੈਕਸੀਨ ਵਿਕਸਤ ਕਰਨ ਲਈ ਭਾਰਤ ਨਾਲ ਵਿਚਾਰ-ਵਟਾਂਦਰਾ ਕਰਨਗੇ ਅਧਿਕਾਰੀ: ਚੀਨ

0
1007
Doctor or lab technician holding vaccine of new coronavirus

ਪੇਈਚਿੰਗ: ਚੀਨੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਦੇ ਅਧਿਕਾਰੀ ਕੋਵਿਡ-19 ਟੀਕਾ ਵਿਕਸਤ ਕਰਨ ’ਚ ਸਹਿਯੋਗ ਦੇ ਢੰਗ-ਤਰੀਕਿਆਂ ਬਾਰੇ ਵਿਚਾਰਾਂ ਕਰਨਗੇ ਜਿਸ ਦੀ ਪੇਸ਼ਕਸ਼ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਕੀਤੀ ਸੀ। ਜਿਨਪਿੰਗ ਨੇ 12ਵੇਂ ਬ੍ਰਿਕਸ ਸਿਖਰ ਸੰਮੇਲਨ ’ਚ ਆਪਣੇ ਸੰਬੋਧਨ ਦੌਰਾਨ ਮੰਗਲਵਾਰ ਨੂੰ ਕਿਹਾ ਸੀ ਕਿ ਚੀਨੀ ਕੰਪਨੀਆਂ ਵੈਕਸੀਨ ਦੇ ਤੀਜੇ ਪੜਾਅ ਦੇ ਪ੍ਰੀਖਣਾਂ ਲਈ ਰੂਸ ਅਤੇ ਬ੍ਰਾਜ਼ੀਲ ਦੇ ਭਾਈਵਾਲਾਂ ਨਾਲ ਕੰਮ ਕਰ ਰਹੀਆਂ ਹਨ। ਊਨ੍ਹਾਂ ਆਪਣੇ ਸੰਬੋਧਨ ’ਚ ਕਿਹਾ,‘‘ਅਸੀਂ ਦੱਖਣੀ ਅਫ਼ਰੀਕਾ ਅਤੇ ਭਾਰਤ ਨਾਲ ਵੀ ਸਹਿਯੋਗ ਲਈ ਤਿਆਰ ਹਾਂ।’’ ਬ੍ਰਿਕਸ ਸੰਮੇਲਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਰਚੁਅਲੀ ਸੰਬੋਧਨ ਕੀਤਾ ਸੀ। ਜਿਨਪਿੰਗ ਨੇ ਕਿਹਾ ਕਿ ਚੀਨ ਕੋਵੈਕਸ ਸੰਗਠਨ ਨਾਲ ਜੁੜ ਗਿਆ ਹੈ ਅਤੇ ਜਿਥੇ ਵੀ ਲੋੜ ਹੋਵੇਗੀ, ਊਹ ਬ੍ਰਿਕਸ ਮੁਲਕਾਂ ਨੂੰ ਵੈਕਸੀਨ ਊਪਲੱਬਧ ਕਰਾਊਣ ਬਾਰੇ ਸਰਗਰਮੀ ਨਾਲ ਵਿਚਾਰ ਕਰੇਗਾ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲੀਜਿਆਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਚੀਨ ਵਿਕਾਸਸ਼ੀਲ ਮੁਲਕਾਂ ਤੱਕ ਕਿਫਾਇਤੀ ਵੈਕਸੀਨ ਪਹੁੰਚਾਊਣਾ ਯਕੀਨੀ ਬਣਾਏਗਾ। ਊਨ੍ਹਾਂ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਵੈਕਸੀਨ ਸਬੰਧੀ ਸਹਿਯੋਗ ਜਾਰੀ ਰਹੇਗਾ ਤਾਂ ਜੋ ਵਾਇਰਸ ’ਤੇ ਛੇਤੀ ਜਿੱਤ ਹਾਸਲ ਕੀਤੀ ਜਾ ਸਕੇ।