ਬਾਇਡਨ, ਮੋਦੀ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਨ

0
842

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨੇੜਿਓਂ ਹੋ ਕੇ ਕੰਮ ਕਰਨ ਦੇ ਇੱਛੁਕ ਹਨ। ਬਾਇਡਨ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਕੋਵਿਡ-19 ਨੂੰ ਠੱਲ੍ਹ ਪਾਉਣ, ਹਿੰਦ-ਪ੍ਰਸ਼ਾਂਤ ਖਿੱਤੇ ਨੂੰ ਖ਼ੁਸ਼ਹਾਲ ਤੇ ਸੁਰੱਖਿਅਤ ਬਣਾਉਣ ਅਤੇ ਆਲਮੀ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਸਮੇਤ ਹੋਰਨਾਂ ਸਾਂਝੀਆਂ ਆਲਮੀ ਚੁਣੌਤੀਆਂ ਦਾ ਮਿਲ ਕੇ ਟਾਕਰਾ ਕਰਨਗੇ। ਕਾਬਿਲੇਗੌਰ ਹੈ ਕਿ ਬਾਇਡਨ ਨੇ (ਭਾਰਤੀ ਸਮੇਂ ਅਨੁਸਾਰ) ਮੰਗਲਵਾਰ ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਸੀ। ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਤੇ ਮੌਜੂਦਾ ਅਮਰੀਕੀ ਸਦਰ ਖ਼ਿਲਾਫ਼ ਮਿਲੀ ਜਿੱਤ ਮਗਰੋਂ ਬਾਇਡਨ ਤੇ ਮੋਦੀ ਦਰਮਿਆਨ ਹੋਇਆ ਇਹ ਪਲੇਠਾ ਸੰਵਾਦ ਸੀ। ਫੋਨ ’ਤੇ ਹੋਈ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਸਮੇਤ ਕੋਵਿਡ ਮਹਾਮਾਰੀ, ਵਾਤਾਵਰਨ ਤਬਦੀਲੀ ਤੇ ਹਿੰਦ-ਪ੍ਰਸ਼ਾਂਤ ਮੁੱਦੇ ’ਤੇ ਚਰਚਾ ਕੀਤੀ ਸੀ। ਇਸ ਦੌਰਾਨ ਕੌਮੀ ਸੁਰੱਖਿਆ ਨਾਲ ਜੁੜੇ ਮਾਹਿਰਾਂ ਨੇ ਬਾਇਡਨ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ ਨੂੰ ਮੁਲਕ ਨੂੰ ਦਰਪੇਸ਼ ਕੂਟਨੀਤਕ, ਰੱਖਿਆ ਤੇ ਇੰਟੈਲੀਜੈਂਸ ਨਾਲ ਜੁੜੀਆਂ ਚੁਣੌਤੀਆਂ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ। ਅਮਰੀਕਾ ਵਿੱਚ ਸੱਤਾ ਤਬਦੀਲੀ ਦੇ ਅਮਲ ਤੋਂ ਪਹਿਲਾਂ ਦੇਸ਼ ਦੇ ਨਵੇਂ ਚੁਣੇ ਮੁਖੀਆਂ ਲਈ ਇਹ ਜਾਣਕਾਰੀ ਕਾਫੀ ਅਹਿਮ ਹੁੰਦੀ ਹੈ। ਬਾਇਡਨ-ਹੈਰਿਸ ਦੀ ਸੱਤਾ ਤਬਦੀਲੀ ਟੀਮ ਨੇ ਕਿਹਾ, ‘ਨਵੇਂ ਚੁਣੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਨੂੰ ਠੱਲ੍ਹਣ ਤੇ ਭਵਿੱਖ ਵਿੱਚ ਸਿਹਤ ਸੰਕਟਾਂ ਤੋਂ ਬਚਾਅ ਲਈ ਤਿਆਰੀ ਕਰਨ, ਵਾਤਾਵਰਨ ਤਬਦੀਲੀ ਦੇ ਖ਼ਤਰੇ ਨਾਲ ਨਜਿੱਠਣ, ਆਲਮੀ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਪੇਸ਼ਕਦਮੀ, ਦੇਸ਼ ਵਿਦੇਸ਼ ਵਿੱਚ ਜਮਹੂਰੀਅਤ ਨੂੰ ਮਜ਼ਬੂਤ ਕਰਨ ਅਤੇ ਇਕ ਸੁਰੱਖਿਅਤ ਤੇ ਖ਼ੁਸ਼ਹਾਲ ਹਿੰਦ ਪ੍ਰਸ਼ਾਂਤ ਖਿੱਤੇ ਨੂੰ ਬਣਾਏ ਰੱਖਣ ਸਮੇਤ ਸਾਰੀਆਂ ਸਾਂਝੀਆਂ ਆਲਮੀ ਚੁਣੌਤੀਆਂ ਨਾਲ ਸਿੱਝਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕਰਨ ਦੇ ਇੱਛੁਕ ਹਨ।’