ਨਵਜੋਤ ਸਿੱਧੂ ਨੇ ਨਸ਼ਾ ਤਸਕਰੀ ਮੁੱਦੇ ’ਤੇ ਆਪਣੀ ਸਰਕਾਰ ਘੇਰੀ

0
808
Photo Credit: Indian Express

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਨਸ਼ਾ ਤਸਕਰੀ ਦੇ ਮਾਮਲੇ ’ਤੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਉਪਰੋਥਲੀ ਕਈ ਟਵੀਟ ਕਰਕੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਅਹਿਮ ਸਿਆਸੀ ਹਸਤੀ ਨਾਲ ਜੁੜੇ ਨਸ਼ਾ ਤਸਕਰੀ ਵਾਲੇ ਕੇਸ ’ਚ ਹੋਰ ਦੇਰੀ ਕੀਤੀ ਤਾਂ ਉਹ ਇਸ ਕੇਸ ਦੀਆਂ ਰਿਪੋਰਟਾਂ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿਚ ਮਤੇ ਲੈ ਕੇ ਆਉਣਗੇ। ਸਿੱਧੂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਜ਼ਾ ਦਿਵਾਉਣਾ ਕਾਂਗਰਸ ਦੇ 18 ਨੁਕਾਤੀ ਏਜੰਡੇ ਦੀ ਮੁੱਖ ਪਹਿਲ ਹੈ। ਨਵਜੋਤ ਸਿੱਧੂ ਨੇ ਕਿਹਾ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ ਵੱਲੋਂ ਫਰਵਰੀ 2018 ਵਿਚ ਨਸ਼ਾ ਤਸਕਰੀ ਦੇ ਅਹਿਮ ਕੇਸ ’ਚ ਅਦਾਲਤ ਵਿਚ ‘ਸਟੇਟਸ ਰਿਪੋਰਟ’ ਜਮ੍ਹਾ ਕਰਵਾਈ ਸੀ ਅਤੇ ਅਦਾਲਤ ਨੇ ਇਸ ਰਿਪੋਰਟ ਉਪਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਕਿਹਾ ਸੀ। ਪੰਜਾਬ ਸਰਕਾਰ ਨੇ 2 ਮਈ 2018 ਨੂੰ ਅਦਾਲਤ ਵਿਚ ਓਪੀਨੀਅਨ-ਕਮ-ਸਟੇਟਸ ਰਿਪੋਰਟ ਜਮ੍ਹਾਂ ਕਰਵਾਈ ਜੋ ਅੱਜ ਸੀਲਬੰਦ ਲਿਫ਼ਾਫੇ ਵਿਚ ਪਈ ਹੈ। ਨਵਜੋਤ ਸਿੱਧੂ ਨੇ ਟਵੀਟ ਕਰਕੇ ਸੁਆਲ ਉਠਾਏ ਹਨ ਕਿ ਪੰਜਾਬ ਪੁਲੀਸ ਨੇ ਕਿਹੜੀ ਜਾਂਚ ਕੀਤੀ ਹੈ? ਪੰਜਾਬ ਸਰਕਾਰ ਨੇ ਕੀ ਕਦਮ ਚੁੱਕੇ ਹਨ? ਰਿਪੋਰਟਾਂ ਜਮ੍ਹਾਂ ਹੋਣ ਤੋਂ ਬਾਅਦ ਰਾਜ ਨੇ ਢਾਈ ਸਾਲਾਂ ਵਿਚ ਅੱਗੇ ਕੀ ਕਾਰਵਾਈ ਕੀਤੀ ਹੈ? ਉਨ੍ਹਾਂ ਮੰਗ ਕੀਤੀ ਕਿ ਇਹ ਸਭ ਕੁਝ ਜਨਤਕ ਹੋਣਾ ਚਾਹੀਦਾ ਹੈ।