ਆਸਟਰੇਲੀਆ ਵਿਚ ਸੜਕ ਹਾਦਸੇ ਵਿੱਚ ਹੋਈਆਂ ਦਸ ਮੌਤਾਂ, 25 ਜ਼ਖ਼ਮੀ

0
247

ਆਸਟਰੇਲੀਆ ਵਿੱਚ ਗ੍ਰੇਟਾ ਸ਼ਹਿਰ ਦੇ ਵਾਈਨ ਇਲਾਕੇ ਵਿੱਚ ਇੱਕ ਬੱਸ ਦੇ ਪਲਟਣ ਕਾਰਨ ਦਸ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 25 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਸਹਾਇਕ ਪੁਲੀਸ ਕਮਿਸ਼ਨਰ ਟਰੇਸੀ ਚੈਪਮੇਨ ਨੇ ਅੱਜ ਦੱਸਿਆ ਕਿ ਬੱਸ ਡਰਾਈਵਰ (58) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸੈਮਨਾਕ ਥਾਣੇ ਲਿਆਂਦਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਡਰਾਈਵਰ ਖ਼ਿਲਾਫ਼ ਲਾਏ ਜਾਣ ਵਾਲੇ ਦੋਸ਼ਾਂ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ। ਸਿਡਨੀ ਦੇ ਉੱਤਰ ਵਿੱਚ ਗ੍ਰੇਟਾ ਸ਼ਹਿਰ ਵਿੱਚ ਵਾਈਨ ਕੰਟਰੀ ਡਰਾਈਵ ਉੱਤੇ ਗੋਲ ਚੱਕਰ ’ਤੇ ਰਾਤ ਲਗਪਗ ਸਾਢੇ 11 ਵਜੇ ਬਾਅਦ ਇਹ ਹਾਦਸਾ ਵਾਪਰਿਆ। ਬੱਸ ਵਿੱਚ ਸਵਾਰ ਲੋਕ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਬੱਸ ਵਿੱਚ ਸਵਾਰ 18 ਹੋਰ ਸੁਰੱਖਿਅਤ ਹਨ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਬਚਾਅ ਕਰਮੀਆਂ ਦਾ ਧੰਨਵਾਦ ਕੀਤਾ। ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ।