ਵਿਦੇਸ਼ ਤੋਂ ਪੈਸਾ ਭੇਜਣ ਦੇ ਮਾਮਲੇ ‘ਚ ਭਾਰਤੀ ਸੱਭ ਤੋਂ ਅੱਗੇ, 2018 ‘ਚ ਭੇਜੇ 80 ਅਰਬ ਡਾਲਰ

0
1988

ਵਿਦੇਸ਼ ਤੋਂ ਅਪਣੇ ਦੇਸ਼ ਵਿਚ ਪੈਸੇ ਭੇਜਣ ਦੇ ਮਾਮਲੇ ਵਿਚ ਭਾਰਤੀ ਸੱਭ ਤੋਂ ਅੱਗੇ ਰਹੇ ਹਨ। ਉਨ੍ਹਾਂ ਨੇ 2018 ਵਿਚ ਵੀ ਉੱਚ ਸਥਾਨ ਨੂੰ ਬਰਕਰਾਰ ਰੱਖਿਆ ਹੈ। ਵਿਸ਼ਵ ਬੈਂਕ ਦੀ ਰਿਪੋਰਟ ਦੇ ਮੁਤਾਬਕ, ਪਰਵਾਸੀ ਭਾਰਤੀਆਂ ਨੇ ਇਸ ਸਾਲ 80 ਅਰਬ ਡਾਲਰ ਭਾਰਤ ਭੇਜੇ ਹਨ। ਇਸ ਤੋਂ ਬਾਅਦ ਚੀਨ ਦਾ ਨੰਬਰ ਹੈ। ਇਥੇ ਦੇ ਨਾਗਰਿਕਾਂ ਨੇ ਚੀਨ ਨੂੰ 67 ਅਰਬ ਡਾਲਰ ਭੇਜੇ ਹਨ। ਭਾਰਤ ਅਤੇ ਚੀਨ ਤੋਂ ਬਾਅਦ ਮੈਕਸੀਕੋ (34 ਅਰਬ ਡਾਲਰ), ਫਿਲਿਪੀਨ (34 ਅਰਬ ਡਾਲਰ) ਅਤੇ ਮਿਸਰ (26 ਅਰਬ ਡਾਲਰ) ਦਾ ਸਥਾਨ ਹੈ।
ਵਿਸ਼ਵ ਬੈਂਕ ਦੀ ‘ਮਾਇਗ੍ਰੇਸ਼ਨ ਐਂਡ ਰੇਮਿਟੈਂਸ’ ਰਿਪੋਰਟ ਦੇ ਹਾਲ ਹੀ ਦੇ ਸੰਸਕਰਣ ਦੇ ਮੁਤਾਬਕ, ਪੈਸਾ ਭੇਜਣ ਦੇ ਮਾਮਲੇ ਵਿਚ ਭਾਰਤੀ ਸੱਭ ਤੋਂ ਅੱਗੇ ਰਹੇ ਹਨ। ਬੈਂਕ ਨੇ ਅਪਣੇ ਅਨੁਮਾਨ ਵਿਚ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਆਧਿਕਾਰਿਕ ਤੌਰ ‘ਤੇ ਭੇਜਿਆ ਗਿਆ ਪੈਸਾ 2018 ਵਿਚ 10.8 ਫ਼ੀ ਸਦੀ ਵਧ ਕੇ 528 ਅਰਬ ਡਾਲਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਇਸ ਵਿਚ 7.8 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਸੀ। ਦੁਨੀਆਂ ਭਰ ਦੇ ਦੇਸ਼ਾਂ ਵਿਚ ਭੇਜਿਆ ਜਾਣ ਵਾਲਾ ਪੈਸਾ ਇਸ ਦੌਰਾਨ 10.3 ਫ਼ੀ ਸਦੀ ਵੱਧ ਕੇ 689 ਅਰਬ ਡਾਲਰ ਹੋਣ ਦੀ ਉਮੀਦ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਵਿਦੇਸ਼ ਤੋਂ ਭਾਰਤ ਨੂੰ ਭੇਜੇ ਗਏ ਪੈਸੇ ਵਿਚ ਮਹੱਤਵਪੂਰਣ ਵਾਧਾ ਹੋਇਆ ਹੈ। 2016 ਵਿਚ ਇਹ 62.7 ਅਰਬ ਡਾਲਰ ਤੋਂ ਵੱਧ ਕੇ 2017 ਵਿਚ 65.3 ਅਰਬ ਡਾਲਰ ਹੋ ਗਿਆ ਹੈ। 2017 ਵਿਚ ਵਿਦੇਸ਼ ਤੋਂ ਭੇਜੇ ਗਏ ਪੈਸਾ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਚ 2.7 ਫ਼ੀ ਸਦੀ ਹਿੱਸੇਦਾਰੀ ਸੀ। ਵਿਸ਼ਵਬੈਂਕ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਖਾਸਕਰ ਅਮਰੀਕਾ ਵਿਚ ਆਰਥਕ ਹਾਲਾਤਾਂ ਵਿਚ ਮਜਬੂਤੀ ਅਤੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਦਾ ਸੰਯੁਕਤ ਅਰਬ ਅਮੀਰਾਤ ਵਰਗੇ ਜੀਸੀਸੀ ਦੇਸ਼ਾਂ ਤੋਂ ਨਿਕਾਸੀ ਉਤੇ ਸਕਾਰਾਤਮਕ ਅਸਰ ਤੋਂ ਪੈਸਾ ਭੇਜਣ ਵਿਚ ਵਾਧਾ ਹੋਇਆ ਹੈ।