ਸਰੀ ‘ਚ ਕਾਮਾਗਾਟਾਮਾਰੂ ਦੇ ਨਾਂ ‘ਤੇ ਹੋਵੇਗਾ ਸੜਕ ਦਾ ਨਾਂ

0
1246

ਸਰੀ: ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਭ ਤੋਂ ਵੱਧ ਭਾਰਤੀ ਮੂਲ ਦੀ ਵਸੋਂ ਵਾਲੇ ਸ਼ਹਿਰ ਸਰੀ ਵਿਚ ਸੜਕ ਦੇ ਇਕ ਹਿੱਸੇ ਦਾ ਨਾਮ ਕੌਮਾਗਾਟਾਮਾਰੂ ਦੇ ਨਾਂ ‘ਤੇ ਰੱਖਿਆ ਜਾ ਰਿਹਾ ਹੈ।
ਸਰੀ ਦੀ ਕੌਂਸਲ ਵੱਲੋਂ ਹੈਰੀਟੇਜ ਕਮੇਟੀ ਦੀ ਇਸ ਸਬੰਧੀ ਸਿਫ਼ਾਰਸ਼ ਉਪਰ ਵੋਟਿੰਗ ਕੀਤੀ ਜਾ ਰਹੀ ਹੈ। ਇਸ ਨੂੰ ਪ੍ਰਵਾਨਗੀ ਮਿਲਣ ਮਿਲਣ ਉਪਰੰਤ ਸਰੀ ਦੀ ੧੨੦ ਅਤੇ ੧੨੧ ਸਟ੍ਰੀਟ ਦਰਮਿਆਨ ਪੈਂਦੇ ੭੫-ਏ ਐਵੇਨਿਊ ਦਾ ਨਾਂ ‘ਕਾਮਾਗਾਟਾਮਾਰੂ ਵੇ’ ਰੱਖਿਆ ਜਾਵੇਗਾ। ਇਸ ਸੰਬੰਧੀ ਰਾਜ ਤੂਰ ਨਾਂ ਦੇ ਇਕ ਵਿਅਕਤੀ ਵੱਲੋਂ ਲੰਬੇ ਚਿਰ ਤੋਂ ਲਾਬਿੰਗ ਕੀਤੀ ਜਾ ਰਹੀ ਸੀ।
ਰਾਜ ਤੂਰ ਦੇ ਦਾਦਾ ਪੂਰਨ ਸਿੰਘ ਜਨੇਤਪੁਰ ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ਰਾਹੀਂ ਭਾਰਤ ਤੋਂ ਵੈਨਕੂਵਰ ਆਏ ਸਨ ਪਰ ਉਸ ਸਮੇਂ ਜਹਾਜ਼ ਨੂੰ ਵਾਪਸ ਮੋੜ ਦਿੱਤਾ ਸੀ ਤੇ ਵਾਪਸੀ ਮੌਕੇ ਭਾਰਤ ਵਿਚ ਉਸ ਤੋਂ ਉੱਤਰ ਰਹੇ ਯਾਤਰੀਆਂ ‘ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਤੇ ਕਈ ਨੂੰ ਗ੍ਰਿਫਤਾਰ ਕਰ ਲਿਆ ਸੀ। ਪੂਰਨ ਸਿੰਘ ਜਨੇਤਪੁਰ ਨੂੰ ਵੀ ਗ੍ਰਿਫਤਾਰ ਕਰਕੇ ਉਨ੍ਹਾਂ ਉਪਰ ਕੇਸ ਕੀਤਾ ਗਿਆ
ਸੀ। ਇਸ ਮਗਰੋਂ ੧੯੬੮ ਵਿਚ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਸਪਾਂਸਰ ਕੀਤਾ ਸੀ ਪਰ ਪੂਰਨ ਸਿੰਘ ਜਨੇਤਪੁਰ ਨੇ ਕਾਮਾਗਾਟਾਮਾਰੂ ਦੀ ਕੌੜੀ ਯਾਦ ਕਾਰਨ ਕੈਨੇਡਾ ਆਉਣ ਤੋਂ ਨਾਂਹ ਕਰਕੇ ਨਵਾਂ ਇਤਿਹਾਸ ਰਚਿਆ ਸੀ। ਸਰੀ ਦੇ ਮੇਅਰ ਡਗ ਮੈਕਲਮ ਦਾ ਕਹਿਣਾ ਹੈ ਕਿ ਸੜਕ ਦੇ ਇਸ ਟੁੱਕੜੇ ਦਾ ਇਹ ਨਾਂ ਹਮੇਸ਼ਾ ਯਾਦ ਕਰਵਾਏਗਾ ਕਿ ਸ਼ਹਿਰ ਵਿਚ ਹੁਣ ‘ਇਨਟਾਲਰੈਂਸ’ ਨਾਂ ਦੀ ਨਫ਼ਰਤ ਭਰੀ ਭਾਵਨਾ ਦੀ ਕੋਈ ਥਾਂ ਨਹੀਂ ਹੈ।
ਕੌਂਸਲ ਦੀ ਇਸ ਪਹਿਲਕਦਮੀ ਕਾਰਨ ਇਥੇ ਵਸਦੇ ਖਾਸ ਕਰਕੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।