ਸਰੀ ਦਾ ਪਰਮਜੀਤ ਆਪਣੀ ਪਤਨੀ ਨੂੰ ਲਿਆਉਣ ਲਈ ਦੋ ਦਹਾਕਿਆਂ ਤੋਂ ਕਰ ਰਿਹਾ ਹੈ ਜਦੋ-ਜਹਿਦ

0
1261

ਸਰੀ: ਸਰੀ ਦਾ ਵਸਨੀਕ ਪਰਮਜੀਤ ਸਿੰਘ ਬਸੰਤੀ ਪੰਜਾਬ ਰਹਿ ਰਹੀ ਆਪਣੀ ਪਤਨੀ ਚਰਨਜੀਤ ਕੌਰ ਬਸੰਤੀ ਨੂੰ ਕੈਨੇਡਾ ਬੁਲਾਉਣ ਲਈ ੨੦ ਸਾਲ ਤੋਂ ਸੰਘਰਸ਼ ਕਰ ਰਿਹਾ ਹੈ, ਜਿਸ ਨੂੰ ਇੰਮੀਗ੍ਰੇਸ਼ਨ ਵਿਭਾਗ ਕੈਨੇਡਾ ਦਾ ਵੀਜ਼ਾ ਨਹੀਂ ਦੇ ਰਿਹਾ। ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਨੇੜਲੇ ਪਿੰਡ ਟੱਪਰੀਆਂ ਦੇ ਜੰਮਪਲ ਪਰਮਜੀਤ ਸਿੰਘ ਬਸੰਤੀ ਨੇ ਦੱਸਿਆ ਕਿ ਉਹ ਕੈਨੇਡਾ ਦਾ ਪੱਕਾ ਨਾਗਰਿਕ ਹੈ ਤੇ ਸਾਲ ੧੯੯੪ ਤੋਂ ਸਰੀ ਵਿਖੇ ਰਹਿ ਰਿਹਾ ਹੈ। ੨੨ ਮਾਰਚ, ੧੯੯੯ ਨੂੰ ਉਸ ਦਾ ਵਿਆਹ ਪਾਇਲ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਦੀ ਚਰਨਜੀਤ ਕੌਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ ਸੀ ਅਤੇ ਖੰਨਾ ਦੇ ਤ੍ਰੈਮੂਰਤੀ ਮੈਰਿਜ ਪੈਲੇਸ ਵਿਖੇ ਵਿਆਹ ਸਮਾਗਮ ਹੋਇਆ ਸੀ, ਜਿਸ ਵਿਚ ਰਿਸ਼ਤੇਦਾਰ ਤੇ ਸਨੇਹੀ ਸ਼ਾਮਿਲ ਹੋਏ ਸਨ। ਪਰਮਜੀਤ ਸਿੰਘ ਨੇ ਦੱਸਿਆ ਕਿ ਫਿਰ ਇਸ ਨੇ ਕੈਨੇਡਾ ਆ ਕੇ ਆਪਣੀ ਪਤਨੀ ਨੂੰ ਸਪਾਂਸਰਸ਼ਿਪ ਭੇਜ ਦਿੱਤੀ ਪਰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਚਰਨਜੀਤ ਕੌਰ ਨੂੰ ਇਹ ਕਹਿ ਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਪਤਨੀ ਇੰਟਰਵਿਊ ਦੌਰਾਨ ਇਹ ਨਹੀਂ ਦੱਸ ਸਕੀ ਸੀ ਕਿ ਉਸ ਦਾ ਪਤੀ ਕੈਨੇਡਾ ‘ਚ ਕੀ ਕੰਮ ਕਰਦਾ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਆਪਣੀ ਪਤਨੀ ਨੂੰ ਪੰਜ ਵਾਰ ਸਪਾਂਸਰਸ਼ਿਪ ਭੇਜ ਚੁੱਕਾ ਹੈ ਤੇ ਇੰਮੀਗ੍ਰੇਸ਼ਨ ਵਕੀਲ ਰਾਹੀਂ ਅਪੀਲ ਵੀ ਕਰ ਚੁੱਕਾ ਹੈ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਉਸ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਪੰਜਾਬ ਤੋਂ ਕੈਨੇਡਾ ਸੱਦਣ ਲਈ ਆਖ਼ਰੀ ਸਾਹ ਤੱਕ ਜੱਦੋਜਹਿਦ ਕਰਦਾ ਰਹੇਗਾ।