ਸਿੱਖੀ ਦੇ ਨਾਲ ਮਾਂ-ਖੇਡ ਨੂੰ ਵੀ ਕੈਨੇਡਾ ਵਿੱਚ ਸਾਂਭਿਆ

0
1094

ਕਪੂਰਥਲਾ: ਪੰਜਾਬ ਵਿੱਚ ਚਲ ਰਹੇ ਵਿਸ਼ਵ ਕਬੱਡੀ ਕੱਪ ਵਿਚ ਹਿੱਸਾ ਲੈ ਰਹੀ ਕੈਨੇਡਾ ਦੀ ਟੀਮ ਵਿੱਚ ਇਸ ਸਮੇਂ ਦੋ ਸਕੇ ਭਰਾ ਖੇਡ ਰਹੇ ਹਨ। ਇਹ ਦੋਵੇਂ ਭਰਾ ਨਾ ਸਿਰਫ ਪੰਜਾਬੀਅਤ ਨਾਲ ਜੁੜੇ ਹੋਏ ਹਨ, ਬਲਕਿ ਉਨ੍ਹਾਂ ਨੇ ਕੈਨੇਡਾ ਵਿੱਚ ਸਿੱਖੀ ਦੇ ਨਾਲ-ਨਾਲ ਆਪਣੀ ਮਾਂ-ਖੇਡ ਕਬੱਡੀ ਦੀ ਧਰਤੀ ਤੇ ਜਨਮ ਲੈਣ ਵਾਲੇ ਪੰਜਾਬੀ ਮੂਲ ਦੇ ਇਹ ਦੋਵੇ ਭਰਾ ਕੈਨੇਡਾ ਵਿੱਚ ਪੈਦਾ ਹੋਣ ਦੇ ਬਾਵਜੂਦ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਸੰਭਾਲੇ ਹੋਏ ਹਨ। ਜਿਨ੍ਹਾਂ ਨੂੰ ਕੈਨੇਡਾ ਦੀ ਕਬੱਡੀ ਟੀਮ ਦੀ ਅਹਿਮ ਕੜੀ ਮੰਨਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਵਿਸ਼ਵ ਕਬੱਡੀ ਕੱਪ ਵਿੱਚ ਹਿੱਸਾ ਲੈਣ ਰਹੀ ਕੈਨੇਡਾ ਦੀ ਟੀਮ ਵਿੱਚ ੧੯ ਸਾਲਾਂ ਹਰਵਿਨ ਸਿੰਘ ਸੰਘਾ ਅਤੇ ੨੧ ਸਾਲਾ ਜੋਬਨ ਸਿੰਘ ਸੰਘਾ ਦੋ ਸਕੇ ਭਰਾ ਖੇਡ ਰਹੇ ਹਨ।
ਇਕ ਭਰਾ ਟੀਮ ਵਿੱਚ ਰੇਡਰ ਦੇ ਤੌਰ ਤੇ ਖੇਡ ਰਿਹਾ ਹੈ, ਜਦਕਿ ਦੂਸਰਾ ਜਾਫੀ ਦੇ ਤੌਰ ਤੇ ਆਪਣੀ ਧਾਕ ਜਮਾ ਰਿਹਾ ਹੈ। ਹਰਵਿਨ ਸੰਘਾ ਹਾਲੇ ੧੯ ਸਾਲ ਦਾ ਨੌਜਵਾਨ ਹੈ, ਜਿਸ ਨੇ ਆਪਣੇ ਖੇਡ ਨਾਲ ਸਾਰੀਆਂ ਟੀਮਾਂ ਨੂੰ ਹੈਰਾਨ ਕਰਕੇ ਰੱਖਿਆ ਹੈ। ਉਸ ਕੋਲੋਂ ਦੋ ਸਾਲ ਵੱਡਾ ਭਰਾ ਜੋਬਨ ਸਿੰਘ ਦੁਨੀਆਂ ਦੇ ਵੱਡੇ-ਵੱਡੇ ਰੇਡਰਾਂ ਨੂੰ ਰੋਕਣ ਦੇ ਸਮਰੱਥ ਹਨ। ਦੁਨੀਆਂ ਭਰ ਵਿੱਚ ਕਬੱਡੀ ਦੀ ਨਰਸਰੀ ਦੇ ਤੌਰ ਤੇ ਜਾਣ ਜਾਂਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕਾਲਾ ਸੰਘਿਆ ਨਿਵਾਸੀ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਤੋਚੀ ਦੇ ਇਹ ਦੋਵੇਂ ਪੁੱਤਰ ਕੈਨੇਡਾ ਵਿੱਚ ਆਪਣੇ ਪਿਤਾ ਤੋਂ ਕੋਚਿੰਗ ਲੈ ਕੇ ਕਬੱਡੀ ਖੇਡ ਰਹੇ ਹਨ। ਇਹ ਦੋਵੇ ਖਿਡਾਰੀ ਕੈਨੇਡਾ ਦੀ ਟੀਮ ਦੀ ਮਜ਼ਬੂਤ ਕੜੀ ਹਨ।
ਕੈਨੇਡਾ ਦੀ ਟੀਮ ਹਾਲੇ ਤੱਕ ਆਪਣੇ ਸਾਰੇ ਮੈਚ ਜਿੱਤ ਚੁੱਕੀ ਹੈ। ਜਿਸ ਵਿੱਚ ਦੋਵੇਂ ਭਰਾਵਾਂ ਦੇ ਖੇਡ ਨੇ ਹਰ ਖੇਡ ਪ੍ਰੇਮੀ ਨੂੰ ਪ੍ਰਭਾਵਿਤ ਕੀਤਾ ਹੈ।
ਹਰਵਿਨ ਸਿੰਘ ਸੰਘਾ ਨੇ ਦੱਸਿਆ ਕਿ ਉਨ੍ਹਾਂ ਦੋਵਾਂ ਭਰਾਵਾਂ ਦਾ ਕੈਨੇਡਾ ਵਿੱਚ ਹੀ ਜਨਮ ਹੋਇਆ ਹੈ ਅਤੇ ਕਬੱਡੀ ਖੇਡਣ ਲਈ ਉਹ ਪਹਿਲੀ ਵਾਰ ਇੰਡੀਆ ਆਏ ਹਨ। ਵਿਦੇਸ਼ ਵਿੱਚ ਜਨਮ ਅਤੇ ਪਾਲਣ ਪੋਸ਼ਣ ਦੇ ਬਾਵਜੂਦ ਸਿੱਖੀ ਅਤੇ ਕਬੱਡੀ ਖੇਡ ਨਾਲ ਲਗਾਅ ਬਾਰੇ ਪੁੱਛਣ ਤੇ ਹਰਵਿਨ ਸੰਘਾ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਬਹੁਤ ਇਜ਼ਤ ਅਤੇ ਸਨਮਾਨ ਮਿਲਦਾ ਹੈ। ਉਨ੍ਹਾ ਨੂੰ ਵੀ ਸਿੱਖ ਪਰਿਵਾਰ ਵਿੱਚ ਜਨਮ ਲੈਣ ਅਤੇ ਸਿੱਖ ਹੋਣ ਤੇ ਮਾਣ ਹੈ।
ਉਹ ਅਮਰੀਕਾ, ਇੰਗਲੈਂਡ, ਆਸਟਰੇਲੀਆ ਆਦਿ ਕਈ ਦੇਸ਼ਾਂ ਵਿੱਚ ਵੱਖ-ਵੱਖ ਕਲੱਬਾਂ ਵੱਲੋਂ ਕਬੱਡੀ ਖੇਡ ਚੁੱਕੇ ਹਨ। ਉਨ੍ਹਾਂ ਦੇ ਪਿਤਾ ਦਾ ਕਬੱਡੀ ਨਾਲ ਗਹਿਰਾ ਰਿਸ਼ਤਾ ਹੈ। ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਹੋਰ ਖੇਡਾਂ ਨੂੰ ਅਪਨਾਉਂਣ ਦੀ ਬਜਾਏ ਆਪਣੇ ਪੁਰਖਿਆਂ ਦੀ ਵਿਰਾਸਤੀ ਅਤੇ ਪੰਜਾਬੀਆਂ ਦੀ ਮਾਂ ਖੇਡ ਨੂੰ ਚੁਣਨ ਦਾ ਫੈਸਲਾ ਕੀਤਾ।