ਕੀ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ?

0
901

ਕੈਨੇਡਾ ਦੁਨੀਆ ਭਰ ਵਿਚ ਮਨੁੱਖੀ ਅਧਿਕਾਰਾਂ ਦਾ ਮੋਹਰੀ ਅਤੇ ਰਹਿਣ ਪੱਖੋਂ ਚੋਟੀ ਦੇ ਦੇਸ਼ ਵਜੋਂ ਜਾਣਿਆ ਜਾਂਦਾ ਹੈ।
ਉਸ ਦੇਸ਼ ਦਾ ਅਜਿਹਾ ਦਰਜਾ ਦਹਾਕਿਆਂ ਤੋਂ ਬਰਕਰਾਰ ਰਹਿ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਵਲੋਂ ਕੈਨੇਡਾ ਵਿਚ ਜਾ ਕੇ ਕੁਰਾਹੇ ਪੈਣ ਅਤੇ ਸਦਾਚਾਰਕਤਾ ਤੋਂ ਗਿਰੇ ਕੰਮ ਕਰਨ ਦਾ (ਕੂੜ) ਪ੍ਰਚਾਰ ਕੀਤਾ ਗਿਆ, ਜਿਸ ਦੀ ਪੰਜਾਬੀ ਭਾਈਚਾਰੇ ਵਿਚ ਸਖ਼ਤ ਆਲੋਚਨਾ ਹੋਣਾ ਸੁਭਾਵਕ ਸੀ। ਕਿਸੇ ਦੇਸ਼ ਵਾਸਤੇ ਇਹ ਬੜੇ ਮਾਣ ਦੀ ਗੱਲ ਹੋ ਸਕਦੀ ਹੈ ਕਿ ਦੁਨੀਆ ਦੇ ਹਰੇਕ ਦੇਸ਼ ਤੋਂ ਲੋਕ ਓਥੇ ਜਾ ਕੇ ਵੱਸਣ ਵਾਸਤੇ ਤੱਤਪਰ ਰਹਿਣ ਅਤੇ ਓਥੇ ਪੁੱਜਣ ਖ਼ਾਤਰ ਕੁਝ ਵੀ ਕਰ ਗੁਜ਼ਰਨ ਤੱਕ ਦੀ ਹੱਦ ਤੱਕ ਜ਼ਖ਼ਮ ਝੱਲਣ ਨੂੰ ਤਿਆਰ ਹੋਣ। ਕੈਨੇਡਾ ਵਿਚ ਨਵੇਂ ਪੁੱਜਦੇ ਪੰਜਾਬੀ ਮੁੰਡੇ ਅਤੇ ਕੁੜੀਆਂ ਨਾਲ਼ ਗੱਲਬਾਤ ਕਰਨ ਤੋਂ ਬਾਅਦ ਸਹਿਜੇ ਹੀ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਪਿੱਛੇ ਰਹਿ ਗਏ ਮਾਪਿਆਂ ਅਤੇ ਪਰਿਵਾਰਾਂ ਦੇ ਜੀਆਂ ਨੇ ਉਨ੍ਹਾਂ ਦੇ ਇਥੇ ਪੁੱਜਣ ‘ਤੇ ਸੁੱਖ ਦਾ ਸਾਹ ਲਿਆ ਹੈ। ਜੇਕਰ ਕਿਸੇ ਨੂੰ ਕੈਨੇਡਾ ਦੇ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਵੇ ਤਾਂ ਅਜਿਹੇ ਲੋਕ ਅਕਸਰ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ, ਉਨ੍ਹਾਂ ਦੇ ਮੂੰਹੋਂ ਆਪਮੁਹਾਰੇ ਨਿਕਲਦਾ ਸੁਣੀਂਦਾ ਹੈ ਕਿ ਉਨ੍ਹਾਂ ਨੂੰ ਵਾਪਸ ਭੇਜਣ ਦੀ ਬਜਾਏ ਕੈਨੇਡਾ ਦੀ ਜੇਲ੍ਹ ਵਿਚ ਬੰਦ ਕਰ ਕੇ ਰੱਖ ਲਿਆ ਜਾਵੇ। ਇਹ ਸੋਚਣਾ ਬਣਦਾ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਲੋਕ ਆਪਣੀ ਜਨਮ ਭੂਮੀ ਛੱਡ ਕੇ ਬਾਹਰ ਚਲੇ ਜਾਣ ਲਈ ਕਾਹਲੇ ਪੈਂਦੇ ਹਨ? ਘਾਟ ਕੈਨੇਡਾ ਜਿਹੇ ਦੇਸ਼ ਵਿਚ ਕੱਢਣ ਦੀ ਬਜਾਏ ਆਪਣੇ ਦੇਸ਼ ਦੀ ਪ੍ਰਣਾਲੀ ਅਤੇ ਉਨ੍ਹਾਂ ਕਾਰਨਾਂ ਦੀ ਪੜਚੋਲ ਕਰਨੀ ਚਾਹੀਦੀ ਹੈ, ਜਿਨ੍ਹਾਂ ਕਾਰਨ ਨੌਜਵਾਨ ਆਪਣੀ ਮਾਤ-ਭੂਮੀ ਛੱਡ ਰਹੇ ਹਨ। ਇਸ ਧਰਤੀ ਉੱਪਰ ੧੯੩ ਦੇਸ਼ ਹਨ ਜੋ ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਦੇ ਮੈਂਬਰ ਹਨ ਅਤੇ ਉਨ੍ਹਾਂ ਵਿਚੋਂ ੧੮੩ ਦੇਸ਼ਾਂ ਦੇ ਨਾਗਰਿਕ ਕੈਨੇਡਾ ਵਿਚ ਸ਼ਰਨਾਰਥੀ ਬਣੇ ਹੋਏ ਮਿਲ ਸਕਦੇ ਹਨ। ਯੂਰਪੀ ਦੇਸ਼ਾਂ ਅਤੇ ਕਿਸੇ ਹੋਰ ਵਿਕਸਤ ਦੇਸ਼ ਵਿਚ ਪੁੱਜ ਕੇ ਵਿਅਕਤੀ ਆਪਣਾ ਅੱਧਾ ਸੁਪਨਾ ਪੂਰਾ ਹੋਇਆ ਸਮਝਦੇ ਹਨ ਕਿਉਂਕਿ ਕੈਨੇਡਾ ਉਨ੍ਹਾਂ ਦੀ ਪਹਿਲੀ ਪਸੰਦ ਦਾ ਦੇਸ਼ ਹੁੰਦਾ ਹੈ।
ਪੱਛਮੀ ਸਮਾਜਾਂ ਵਿਚ ਕਿਸੇ ਕੰਮ ਨੂੰ ਵੱਡਾ ਜਾਂ ਛੋਟਾ ਨਹੀਂ ਸਮਝਿਆ ਜਾਂਦਾ। ਕਿਰਤ ਦਾ ਸਤਿਕਾਰ ਹੈ ਅਤੇ ਕਾਮੇ ਨੂੰ ਉਸ ਦਾ ਮਿਹਨਤਾਨਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੱਤੇ ਜਾਣ ਦੀ ਸਖ਼ਤ ਕਾਨੂੰਨੀ ਵਿਵਸਥਾ ਹੈ। ਜੇਕਰ ਕੋਈ ਮਾਲਕ ਕਿਸੇ ਕਿਰਤੀ ਦੇ ਪੈਸੇ ਨਾ ਦੇਵੇ ਤਾਂ ਕੈਨੇਡੀਆਈ ਕਾਨੂੰਨ ਅਨੁਸਾਰ ਉਸ ਦਾ ਹਸ਼ਰ ਬੜਾ ਬੁਰਾ ਹੋਣ ਨੂੰ ਦੇਰ ਨਹੀਂ ਲੱਗਦੀ। ਰੈਸਟੋਰੈਂਟਾਂ, ਪੀਜ਼ਿਆਂ ਅਤੇ ਸਫ਼ਾਈ ਦੇ ਕੰਮ ਤਾਂ ਪ੍ਰਧਾਨ ਮੰਤਰੀਆਂ, ਮੰਤਰੀਆਂ, ਵੱਡੇ-ਵੱਡੇ ਅਫ਼ਸਰਾਂ ਦੇ ਬੱਚੇ ਵੀ ਕਰਦੇ ਹਨ ਜਾਂ ਉਥੋਂ ਦੀ ਪ੍ਰਣਾਲੀ ਰਾਹੀਂ ਉਨ੍ਹਾਂ ਤੋਂ ਕਰਵਾਏ ਜਾਂਦੇ ਹਨ ਤਾਂ ਕਿ ਉਨ੍ਹਾਂ ਦੇ ਦਿਮਾਗ਼ਾਂ ਅੰਦਰ ਫੋਕੀ ਚੌਧਰ ਭੋਗਣ ਤੇ ਊਚ-ਨੀਚ ਦਾ ਭੂਤ ਸਵਾਰ ਨਾ ਹੋਵੇ। ਸਕੂਲ ਵਿਚੋਂ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਕੰਮ ਨੂੰ ਕਰਨ ਵਿਚ ਸ਼ਰਮ ਮਹਿਸੂਸ ਨਾ ਕਰਨ ਸਗੋਂ ਹਰੇਕ ਪ੍ਰਕਾਰ ਦੇ ਕੰਮ ਨੂੰ ਕੰਮ ਸਮਝ ਕੇ ਮਿਹਨਤ ਕਰਨ ਪ੍ਰਤੀ ਪ੍ਰੇਰਿਤ ਹੋਣ। ਨਸਲੀ ਵਿਤਕਰਾ ਕੈਨੇਡਾ ਅਤੇ ਭਾਰਤ ਸਮੇਤ ਸੰਸਾਰ ਭਰ ਵਿਚ ਮਨੁੱਖਤਾ ਦੀ ਕਮਜ਼ੋਰੀ ਹੈ ਅਤੇ ਸਰਬਵਿਆਪੀ ਵਰਤਾਰਾ ਹੈ। ਸਾਰੀ ਧਰਤੀ ‘ਤੇ ਕੋਈ ਦੇਸ਼ ਅਜਿਹਾ ਨਹੀਂ ਜਿੱਥੇ ਅੱਗੇ ਨਿਕਲਣ ਅਤੇ ਪਿੱਛੇ ਛੱਡਣ ਦੀ ਦੌੜ ਵਿਚ ਮਨੁੱਖ-ਮਨੁੱਖ ਨਾਲ ਵਿਤਕਰਾ ਨਹੀਂ ਕਰ ਰਹੇ। ਪਰਿਵਾਰਾਂ ਤੋਂ ਕਬੀਲਿਆਂ ਤੱਕ ਅਤੇ ਪਿੰਡਾਂ ਤੋਂ ਇਲਾਕਿਆਂ ਦੇ ਪੱਧਰ ਤੱਕ ਵਿਤਕਰਿਆਂ ਦੇ ਵਰਤਾਰੇ ਸਭ ਜਗ੍ਹਾ ਵਾਪਰਦੇ ਹਨ ਪਰ ਅਕਸਰ ਵਿਤਕਰਾ ਮਹਿਸੂਸ ਉਦੋਂ ਹੋਣ ਲੱਗਦਾ ਹੈ ਜਦੋਂ ਵਿਤਕਰੇ ਕਰਨ ਵਾਲੇ ਲੋਕਾਂ ਨੂੰ ਹਾਲਾਤ ਜਾਂ ਸਥਾਨ ਬਦਲਣ ਮਗਰੋਂ ਖੁਦ ਉਸੇ ਵਰਤਾਰੇ ਵਿਚੋਂ ਗੁਜ਼ਰਨਾ ਪਵੇ। ਕੈਨੇਡਾ ਵਿਚ ਵਿਤਕਰਾ ਨਹੀਂ ਹਰੇਕ ਨੂੰ ਬਰਾਬਰਤਾ ਦਾ ਦਰਜਾ ਮਿਲਦਾ ਹੈ।
ਕੈਨੇਡਾ ਅਜਿਹਾ ਦੇਸ਼ ਹੈ, ਜਿੱਥੇ ਆਪਣੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ਼ ਵਿਦੇਸ਼ਾਂ ਤੋਂ ਗਏ ਨੌਜਵਾਨ ਸੰਸਦ ਮੈਂਬਰ, ਵਿਧਾਇਕ ਅਤੇ ਹੋਰ ਸਨਮਾਨਜਨਕ ਅਹੁਦਿਆਂ ਤੱਕ ਵੀ ਪੁੱਜੇ ਹਨ। ਕਰੀਅਰ ਪੱਖੋਂ ਕਿਸੇ ਵੀ ਬੁਲੰਦੀ ਨੂੰ ਛੂਹਣ ਦੇ ਇਥੇ ਖੁੱਲ੍ਹੇ ਮੌਕੇ ਹਰੇਕ ਨੂੰ ਮਿਲਦੇ ਹਨ ਪਰ ਉਨ੍ਹਾਂ ਮੌਕਿਆਂ ਦਾ ਲਾਭ ਆਪਣੀ ਯੋਗਤਾ ਅਤੇ ਸਮਰੱਥਾ ਮੁਤਾਬਿਕ ਹਰੇਕ ਨੇ ਆਪ ਉਠਾਉਣਾ ਜਾਂ ਗਵਾਉਣਾ ਹੁੰਦਾ ਹੈ। ਕਿਸੇ ਵਿਅਕਤੀ ਦੀ ਸਫ਼ਲਤਾ ਦਾ ਸਿਹਰਾ ਉਸ ਦੇ ਆਪਣੇ ਸਿਰ ‘ਤੇ ਬੱਝਦਾ ਹੈ ਤਾਂ ਇਸ ਦੇ ਉਲਟ ਅਸਫ਼ਲਤਾ ਦਾ ਦੋਸ਼ ਨਿਰਾ ਦੂਸਰਿਆਂ ਨੂੰ ਨਹੀਂ ਦਿੱਤਾ ਜਾ ਸਕਦਾ। ਕੈਨੇਡਾ ਪੁੱਜ ਕੇ ਜਿਨ੍ਹਾਂ ਦੀ ਰਿੱਝੀ ਖੀਰ ਦਾ ਦਲੀਆ ਬਣ ਜਾਂਦਾ ਹੈ ਜੇਕਰ ਅਸੀਂ ਕਿਸੇ ਕੰਮ ਵਿਚ ਕਾਮਯਾਬ ਨਹੀਂ ਹੁੰਦੇ ਤਾਂ ਦੂਜੇ ਦਾ ਕਸੂਰ ਕੱਢਣ ਦੀ ਥਾਂ ਆਤਮ-ਪੜਚੋਲ ਕਰਨੀ ਚਾਹੀਦੀ ਹੈ।