ਮੋਦੀ-ਟਰੰਪ ਵੱਲੋਂ ਪੱਛਮੀ ਏਸ਼ੀਆ ਸੰਕਟ ਬਾਰੇ ਚਰਚਾ

0
6

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ ਗੱਲਬਾਤ ਮਗਰੋਂ ਕਿਹਾ ਕਿ ਭਾਰਤ ਪੱਛਮੀ ਏਸ਼ੀਆ ’ਚ ਫ਼ੌਰੀ ਸ਼ਾਂਤੀ ਬਹਾਲੀ ਅਤੇ ਤਣਾਅ ਘਟਾਉਣ ਦੀ ਹਮਾਇਤ ਕਰਦਾ ਹੈ। ਦੋਵੇਂ ਆਗੂਆਂ ਵਿਚਾਲੇ ਗੱਲਬਾਤ ਹਰਮੁਜ਼ ਜਲ ਮਾਰਗ ਨੂੰ ਜਹਾਜ਼ਾਂ ਦੀ ਆਵਾਜਾਈ ਸੁਰੱਖਿਅਤ ਬਣਾਉਣ ਅਤੇ ਖ਼ਿੱਤੇ ’ਚ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ’ਤੇ ਕੇਂਦਰਤ ਰਹੀ। ਉਧਰ, ਇਰਾਨ ਦੇ ਫ਼ੌਜੀ ਅਤੇ ਸਿਆਸੀ ਆਗੂਆਂ ਨੇ ਅਮਰੀਕੀ ਰਾਸ਼ਟਰਪਤੀ ਦੇ ਵਾਰਤਾ ਬਾਰੇ ਦਿੱਤੇ ਬਿਆਨਾਂ ਨੂੰ ਨਕਾਰ ਦਿੱਤਾ ਹੈ। ਇਰਾਨੀ ਫ਼ੌਜ ਦੀ ਸਿਖਰਲੀ ਕਮਾਂਡ ਖ਼ਾਤਮ-ਅਲ ਅਨਬੀਆ ਦੇ ਤਰਜਮਾਨ ਮੇਜਰ ਜਨਰਲ ਅਲੀ ਅਬਦੁੱਲਾਹੀ ਆਲੀਆਬਾਦੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜ ਮੁਕੰਮਲ ਜਿੱਤ ਹਾਸਲ ਕਰਨ ਤੱਕ ਜੰਗ ਲੜੇਗੀ। ਜਨਰਲ ਦੇ ਇਸ ਬਿਆਨ ਤੋਂ ਜਾਪਦਾ ਹੈ ਕਿ ਫ਼ੌਜ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਸਹਿਮਤ ਨਹੀਂ ਹੈ।

ਟਰੰਪ ਵੱਲੋਂ ਇਰਾਨ ਨੂੰ ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਪੰਜ ਹੋਰ ਦਿਨ ਦਿੱਤੇ ਜਾਣ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਮੋਦੀ ਨੂੰ ਫੋਨ ’ਤੇ ਤਾਜ਼ਾ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ। ਮੋਦੀ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਉਹ ਅੱਗੇ ਵੀ ਇਕ-ਦੂਜੇ ਦੇ ਸੰਪਰਕ ’ਚ ਰਹਿਣ ਲਈ ਸਹਿਮਤ ਹੋਏ ਹਨ।